ਸਮਾਣਾ, 26 ਸਤੰਬਰ (ਸਾਹਿਬ ਸਿੰਘ)-ਲਾਇਨਜ਼ ਕਲੱਬ ਸਮਾਣਾ ਐਲਾਈਟ ਵਲੋਂ ਮਹਾਰਾਜਾ ਅਗਰਸੈਨ ਜਯੰਤੀ ਦੇ ਪਾਵਨ ਅਵਸਰ 'ਤੇ ਨਵੀਂ ਅਗਰਵਾਲ ਗਊਸ਼ਾਲਾ ਸਮਾਣਾ ਵਿਖੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਵਿਸ਼ੇਸ਼ ਤੌਰ 'ਤੇ ਥੈਲੇਸੀਮੀਆ ਪੀੜਤ ਬੱਚਿਆਂ ਦੀ ਭਲਾਈ ਨੂੰ ਸਮਰਪਿਤ ਸੀ, ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਲਈ ਲੋੜੀਂਦਾ ਖੂਨ ਸਮੇਂ 'ਤੇ ਉਪਲੱਬਧ ਹੋ ਸਕੇ | ਕੈਂਪ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਨੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਪਵਿੱਤਰ ਸੁਨੇਹਾ ਦਿੱਤਾ | ਇਸ ਕੈਂਪ ਦੌਰਾਨ ਕੁੱਲ 50 ਇਕਾਈਆਂ ਖ਼ੂਨ ਇਕੱਠਾ ਕੀਤਾ ਗਿਆ | ਮੁੱਖ ਮਹਿਮਾਨ ਸੀ.ਏ. ਅਮਿਤ ਸਿੰਗਲਾ ਪ੍ਰਧਾਨ ਅਗਰਵਾਲ ਗਊਸ਼ਾਲਾ ਸਮਾਣਾ ਤੇ ਚੇਅਰਮੈਨ ਐੱਸ.ਆਰ.ਐੱਸ. ਵਿਦਿਆਪੀਠ ਸਮਾਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਰੂਪ ਵਿਚ ਖ਼ੂਨਦਾਨ ਕਰਨਾ ਚਾਹੀਦਾ ਹੈ | ਵਿਸ਼ੇਸ਼ ਮਹਿਮਾਨ ਜੀਵਨ ਗਰਗ ਪ੍ਰਧਾਨ ਲਾਇਨਜ ਕਲੱਬ ਸਮਾਣਾ ਰੋਇਲ ਤੇ ਸਾਬਕਾ ਪ੍ਰਧਾਨ ਸ੍ਰੀ ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਸਮਾਣਾ ਨੇ ਵੀ ਸੇਵਾ ਭਾਵਨਾ ਅਤੇ ਸਮਾਜਿਕ ਏਕਤਾ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ | ਕੈਂਪ ਦੀ ਅਗਵਾਈ ਲਾਇਨ ਡਾ. ਕਰਨਵੀਰ ਗਰਗ ਪ੍ਰਧਾਨ, ਐਡਵੋਕੇਟ ਅਭਿਸ਼ੇਕ ਗਰਗ ਸਕੱਤਰ, ਲਾਇਨ ਸੁਭਰਾਂਸ਼ੂ ਸਿੰਗਲਾ ਖਜ਼ਾਨਚੀ, ਲਾਇਨ ਆਕਾਸ ਲੁਥਰਾ ਪੀ.ਆਰ.ਓ. ਅਤੇ ਲਾਇਨ ਜਗਦੀਪ ਗਰਗ ਪ੍ਰੋਜੈਕਟ ਚੇਅਰਮੈਨ ਨੇ ਕੀਤੀ |