ਪਾਤੜਾਂ 26 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਕੇਂਦਰ ਸਰਕਾਰ ਵਲੋਂ ਭਾਰਤ ਮਾਲਾ ਯੋਜਨਾ ਤਹਿਤ ਬਣਾਏ ਗਏ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਗਈ ਜਮੀਨ ਨੂੰ ਲੈ ਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਐਸ.ਡੀ.ਐਮ. ਪਾਤੜਾਂ ਦੇ ਦਫਤਰ ਅੱਗੇ ਰੋਸ ਮੁਜਾਹਰਾ ਕਰਕੇ ਐਕਸਪ੍ਰੈਸਵੇਅ ਦੇ ਅਧਿਕਾਰੀਆਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ | ਰੋਸ ਮੁਜ਼ਾਹਰੇ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਪਾਤੜਾਂ ਤਹਿਸੀਲ ਦੇ ਗਿਆਰਾਂ ਪਿੰਡ ਬਰਾਸ, ਘੱਗਾ, ਅਤਾਲਾਂ, ਤੰਬੂਵਾਲਾ, ਬਣਵਾਲਾ, ਸ਼ੁਤਰਾਣਾ, ਦੁਤਾਲ, ਤੇਈਪੁਰ, ਠਰੂਆ ਅਤੇ ਗਲੌਲੀ ਦੀ ਲਗਭਗ 700 ਏਕੜ ਜ਼ਮੀਨ ਐਕੁਆਇਰ ਕੀਤੀ ਗਈ | ਜਿਸ ਕਾਰਨ ਕਿਸਾਨਾਂ ਦੀ ਜਮੀਨਾ ਦੁਫਾੜ ਹੋ ਗਈਆਂ ਅਤੇ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਰਸਤੇ ਖਤਮ ਹੋ ਗਏ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਵਿਚ ਰਸਤੇ, ਪਾਣੀ ਲਈ ਧਰਤੀ ਹੇਠ ਦੱਬੀਆਂ ਪਾਈਪ ਲਾਈਨਾਂ ਦਾ ਅਵਾਰਡ, ਕਮਿਸ਼ਨਰ ਸਾਹਿਬ ਦੇ ਚੱਲ ਰਹੇ ਕੇਸਾਂ ਦਾ ਮੁਆਵਜ਼ਾ, ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਅਤਾਲਾ ਦੀ ਜ਼ਿਲ੍ਹਾ ਅਦਾਲਤ ਵਿਚ ਜਮਾਂ ਹੋਈ ਪੇਮੈਂਟ ਦਾ ਮਸਲਾ, ਫਲਦਾਰ ਪੌਦਿਆਂ ਦਾ ਅਵਾਰਡ, ਕਿਸਾਨਾਂ ਦੀਆਂ ਰਹਿ ਗਈਆਂ ਪਾਈਪ ਲਾਈਨਾਂ ਦੀ ਅਸੈਸਮੈਂਟ, ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਕਤੂਬਰ 2023 ਵਿਚ 14 ਦਿਨ ਰੋਡ ਦਾ ਸਾਰਾ ਕੰਮ ਬੰਦ ਕਰਵਾ ਕੇ ਧਰਨਾ ਦਿੱਤਾ ਗਿਆ ਸੀ | ਇਸ ਦੌਰਾਨ ਪੀ ਡੀ ਭਵਾਨੀ ਅਤੇ ਐਸ.ਡੀ.ਐਮ. ਪਾਤੜਾਂ ਨੇ ਧਰਨੇ ਵਿਚ ਪਹੁੰਚ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਲਦ ਹੀ ਇਹ ਸਾਰੀਆਂ ਜਾਇਜ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ | ਅਧਿਕਾਰੀਆਂ 'ਤੇ ਵਿਸ਼ਵਾਸ ਕਰਕੇ ਕਿਸਾਨਾਂ ਨੇ ਧਰਨਾ ਵਾਪਸ ਲਿਆ ਸੀ ਪਰ ਦੋ ਸਾਲ ਬੀਤਣ ਦੇ ਬਾਅਦ ਵੀ ਕਿਸਾਨਾਂ ਦੇ ਹੱਕਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ ਹੈ ਅਤੇ ਵਾਰ ਵਰ ਵਾਅਦੇ ਕਰਕੇ ਉਨ੍ਹਾਂ ਨੂੰ ਪੂਰਾ ਨਾ ਕੀਤੇ ਜਾਣ ਤੇ ਕਿਸਾਨਾਂ ਤਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਕਿਸਾਨਾਂ ਵਿਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰੋਸ ਮੁਜਾਹਰੇ ਦੌਰਾਨ ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਅਤੇ ਐਕਸਪ੍ਰੈਸਵੇਅ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੀਆਂ ਇਨ੍ਹਾਂ ਮੰਗਾਂ ਨੂੰ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ, ਪ੍ਰੈਸ ਸਕੱਤਰ ਗੁਰਜਿੰਦਰ ਸਿੰਘ, ਖਜਾਨਚੀ ਗੁਰਜੰਟ ਸਿੰਘ ਸਧਾਰਨਪੁਰ, ਜਨਰਲ ਸਕੱਤਰ ਅਮਰਿੰਦਰ ਸਿੰਘ ਘੱਗਾ, ਸੁਖਵਿੰਦਰ ਸਿੰਘ ਦਫਤਰੀ ਵਾਲਾ, ਸੰਗਠਨ ਸਕੱਤਰ ਅਮਰੀਕ ਸਿੰਘ ਕਲਵਾਣੂੰ, ਬੂਟਾ ਸਿੰਘ, ਪਿ੍ਤਪਾਲ ਸਿੰਘ ਤੰਬੂਵਾਲਾ ਇਕਾਈਆਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ |