ਪਟਿਆਲਾ, 26 ਸਤੰਬਰ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫੈਸ਼ਨ ਡਿਜ਼ਾਈਨਿੰਗ ਅਤੇ ਹੋਮ ਸਾਇੰਸ ਵਿਭਾਗ ਵਲੋਂ ਅੱਠਵੇਂ ਰਾਸ਼ਟਰੀ ਪੋਸ਼ਣ ਮਾਹ 2025 ਨੂੰ ਮਨਾਉਂਦਿਆਂ 'ਮੋਟਾਪੇ ਨੂੰ ਰੋਕਣ ਲਈ ਖੰਡ, ਨਮਕ ਅਤੇ ਤੇਲ ਦੀ ਵਰਤੋਂ ਘਟਾਓ' ਵਿਸ਼ੇ ਉੱਤੇ ਸੱਤ ਦਿਨਾ ਵਾਲੀ ਰਸੋਈ ਵਰਕਸ਼ਾਪ ਲਗਾਈ ਗਈ | ਵਿਭਾਗ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਇਸ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਪੌਸ਼ਟਿਕ ਵਿਅੰਜਨਾਂ ਨੂੰ ਤਿਆਰ ਕਰਨ ਅਤੇ ਪੇਸ਼ ਕਰਨ ਵਿਚ ਯੋਗਦਾਨ ਪਾਇਆ | ਇਹ ਵਿਅੰਜਨ ਸਵਾਦ ਅਤੇ ਸਿਹਤ ਨੂੰ ਧਿਆਨ ਵਿਚ ਰੱਖ ਕੇ ਬਣਾਏ ਗਏ ਸਨ | ਵਰਕਸ਼ਾਪ ਦੌਰਾਨ ਵੱਖ-ਵੱਖ ਪੌਸ਼ਟਿਕ ਅਤੇ ਪਰੰਪਰਾਗਤ ਵਿਅੰਜਨਾਂ ਨੂੰ ਸਿਹਤਮੰਦ ਤਰੀਕੇ ਨਾਲ ਤਿਆਰ ਕੀਤਾ ਗਿਆ | ਸਮਾਪਤੀ ਵਾਲੇ ਦਿਨ ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਭਾਗ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ | ਡਿਪਟੀ ਪਿ੍ੰਸੀਪਲ ਡਾ. ਜਸਲੀਨ ਕੌਰ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਸਰਾਹਿਆ ਅਤੇ ਉਨ੍ਹਾਂ ਨੂੰ ਰੋਜ਼ਾਨਾ ਜੀਵਨ ਵਿਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ | ਵਿਭਾਗ ਮੁਖੀ ਡਾ. ਬਲਬੀਰ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਗਰਮ ਭਾਗ ਅਤੇ ਸਿਰਜਣਾਤਮਕਤਾ ਲਈ ਵਧਾਈ ਦਿੱਤੀ |