ਪਟਿਆਲਾ, 26 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਜੀਵ-ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਅੱਜ ਆਪਣਾ 58ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਕਲਾਤਮਿਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ | ਜਿਕਰਯੋਗ ਹੈ ਕਿ ਉਪ-ਕੁਲਪਤੀ ਡਾ. ਜਗਦੀਪ ਸਿੰਘ ਯੂਨੀਵਰਸਿਟੀ ਦੇ ਇਸੇ ਵਿਭਾਗ ਦੇ ਵਿਦਿਆਰਥੀ ਰਹੇ ਹਨ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਆਪਣੇ ਵਿਦਿਆਰਥੀ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਭਾਵੇਂ ਉਹ ਵੱਖ-ਵੱਖ ਨਾਮੀ ਅਦਾਰਿਆਂ ਵਿਚ ਕੰਮ ਕਰ ਚੁੱਕੇ ਹਨ ਪਰ ਆਪਣੀ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ੇਸ਼ ਤੌਰ ਉੱਤੇ ਆਪਣੇ ਇਸ ਵਿਭਾਗ ਨਾਲ਼ ਜੁੜਨਾ ਉਨ੍ਹਾਂ ਲਈ ਆਪਣੀ ਜੜ ਨਾਲ਼ ਜੁੜਨ ਜਿਹਾ ਵੱਖਰਾ ਅਨੁਭਵ ਹੈ | ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਵਿਭਾਗ ਨਿਰੰਤਰ ਤਰੱਕੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਵਿਭਾਗ ਨੇ ਵਿਗਿਆਨ ਖੇਤਰ ਦੀਆਂ ਬਹੁਤ ਸਾਰੀਆਂ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ | ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਕੀੜੀਆਂ ਉੱਤੇ ਖੋਜ ਕਰਨ ਲਈ ਪ੍ਰਸਿੱਧ ਵਿਗਿਆਨੀ ਡਾ. ਹਿਮੇਂਦਰ ਭਾਰਤੀ ਨੂੰ , ਉਨ੍ਹਾਂ ਦੀ ਹਾਲ ਹੀ ਵਿਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਫ਼ੈਲੋ (ਐੱਫ. ਐੱਨ. ਏ.) ਵਜੋਂ ਹੋਈ ਚੋਣ ਕਾਰਨ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ | ਵਿਭਾਗ ਮੁਖੀ ਡਾ. ਉਂਕਾਰ ਸਿੰਘ ਵਲੋਂ ਧੰਨਵਾਦੀ ਸ਼ਬਦਾਂ ਦੌਰਾਨ ਵਿਭਾਗ ਦੀਆਂ ਵਿਸ਼ੇਸ਼ਤਾਵਾਂ ਅਤੇ ਵੱਖ-ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕਵਾਲੀ, ਗੀਤ ਆਦਿ ਪੇਸ਼ ਕੀਤੇ |