ਭੁੱਨਰਹੇੜੀ, 27 ਸਤੰਬਰ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਪੰਜਾਬ ਮੰਡੀ ਦੀ ਲਿੰਕ ਸੜਕ ਭੁੱਨਰਹੇੜੀ ਤੋਂ ਘੜਾਮ ਤੱਕ ਹਾਲਤ ਬਹੁਤ ਖਸਤਾ ਹੋਣ ਕਾਰਨ ਇਲਾਕੇ ਦੇ ਨਿਵਾਸੀਆਂ ਨੂੰ ਆਪਣੇ ਤੌਰ 'ਤੇ ਸੜਕ ਨੂੰ ਠੀਕ ਕਰਨ ਲਈ ਸੇਵਾ ਸ਼ੁਰੂ ਕਰਨੀ ਪੈ ਗਈ | ਹੁਣ ਲਿੰਕ ਸੜਕ ਨੂੰ ਆਰਜ਼ੀ ਤੌਰ 'ਤੇ ਠੀਕ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਕਿਸਾਨਾਂ ਵਲੋਂ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ ਅਤੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਮਹਿਮੂਦਪੁਰ ਨੇ ਕਿਹਾ ਕਿ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭੁੱਨਰਹੇੜੀ ਤੋਂ ਘੜਾਮ ਰੋਡ ਸੜਕ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ | ਜਿਸ ਕਰਕੇ ਆਏ ਦਿਨ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ | ਇੱਥੋਂ ਸਫ਼ਰ ਕਰਨ ਲਈ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡ ਉਲਟਪੁਰ, ਮਹਿਮੂਦਪੁਰ, ਦੁੜਦ, ਸ਼ਾਦੀਪੁਰ ਆਦਿ ਪਿੰਡਾਂ ਦੇ ਲੋਕ ਸੇਵਾ ਭਾਵਨਾ ਨਾਲ ਸਾਥ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸੰਬੰਧਿਤ ਸਿਆਸੀ ਧਿਰ ਨੇ ਜੇਕਰ ਮੂੰਦੇ ਗੰਭੀਰਤਾ ਨਾਲ ਵਿਚਾਰ ਨਾ ਕੀਤੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਾਂ ਹੋਰ ਵੀ ਚੋਣਾਂ 'ਚ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਅਤੇ ਕਾਲੀਆਂ ਝੰਡੀਆਂ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਤਕਰੀਬਨ ਪਿਛਲੇ 3 ਸਾਲਾਂ ਤੋਂ ਇਹ ਸੜਕ ਟੁੱਟੀ ਹੋਈ ਹੈ ਪਰ ਕਿਸੇ ਨੇ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਆਉਣ ਕਰਕੇ ਕਿਸਾਨ ਵੀਰਾਂ ਨੂੰ ਝੋਨੇ ਦੀਆਂ ਟਰਾਲੀਆਂ ਲੈ ਕੇ ਜਾਣ ਵਿਚ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਲਾਕ ਭੁੱਨਰਹੇੜੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਲਿੰਕ ਸੜਕ ਵੱਲ ਗੰਭੀਰਤਾ ਨਾਲ ਵਿਚਾਰ ਨਾ ਕੀਤੀ ਤਾਂ ਵੱਡੇ ਪੱਧਰ 'ਤੇ ਸਰਕਾਰ ਖ਼ਿਲਾਫ਼ ਅੰਦੋਲਨ ਕੀਤਾ ਜਾਵੇਗਾ |