ਸਮਾਣਾ, 27 ਸਤੰਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਹਲਦੀ ਰੋਗ, ਬੋਨੇਪਣ ਦੇ ਰੋਗ ਤੇ ਹੜ੍ਹਾਂ ਕਾਰਨ ਨੁਕਸਾਨੀ ਗਈ ਫ਼ਸਲ ਦਾ ਵੱਧ ਤੋਂ ਵੱਧ ਮੁਆਵਜ਼ਾ ਦੇਵੇ ਤਾਂ ਜੋ ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਟੁੱਟ ਚੁੱਕੇ ਕਿਸਾਨਾਂ ਨੂੰ ਰਾਹਤ ਮਿਲ ਸਕੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਯੂਨੀਅਨ ਦੀ ਮਹੀਨਾਵਾਰ ਬੈਠਕ ਦੌਰਾਨ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਸੁਪਰੀਮ ਕੋਰਟ ਦੇ ਪਰਾਲੀ ਸਾੜਨ ਸੰਬੰਧੀ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਮਾਣਯੋਗ ਅਦਾਲਤ, ਪੰਜਾਬ ਸਰਕਾਰ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਮਸ਼ੀਨਰੀ ਦੇਣ ਜਾਂ ਪਰਾਲੀ 'ਤੇ 2500 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਹਦਾਇਤ ਕਰੇ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਪ੍ਰਧਾਨ ਢੈਂਠਲ ਨੇ ਆਖਿਆ ਕਿ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਡੀ.ਏ.ਪੀ. ਖਾਦ ਮੁਹੱਈਆ ਕਰਵਾਈ ਜਾਵੇ ਜੇ ਇਹ ਨਾ ਹੋਇਆ ਤਾਂ ਕਿਸਾਨ ਜਥੇਬੰਦੀ 6 ਅਕਤੂਬਰ ਨੂੰ ਖੇਤੀਬਾੜੀ ਵਿਭਾਗ ਦੇ ਚੀਫ਼ ਨੂੰ ਮਿਲੇਗੀ | ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ, ਸੂਬਾ ਇਕਾਈ ਮੈਂਬਰ ਸਤਵੰਤ ਸਿੰਘ ਵਜੀਦਪੁਰ ਸਮੇਤ ਅਮਰਜੀਤ ਸਿੰਘ ਵਜੀਦਪੁਰ, ਗੁਰਬਾਜ਼ ਸਿੰਘ ਢੈਂਠਲ, ਯਾਦਵਿੰਦਰ ਸਿੰਘ ਬਿਜਲਪੁਰ, ਸੁਖਜਿੰਦਰ ਸਿੰਘ ਕੁਲਾਰਾਂ ਪ੍ਰੈੱਸ ਸਕੱਤਰ, ਬਲਵੀਰ ਸਿੰਘ ਚਤਹਿਰਾ, ਗੁਰਵਿੰਦਰ ਸਿੰਘ ਬਹਾਦਰਗੜ੍ਹ, ਗੁਰਦੀਪ ਸਿੰਘ ਦੁੱਲੜ, ਮਾਨ ਸਿੰਘ ਸਹਿਜਪੁਰ, ਬਚਿੱਤਰ ਸਿੰਘ, ਦਵਿੰਦਰ ਸਿੰਘ ਚੌਂਹਠ, ਮਨਸਾ ਸਿੰਘ ਬਿਜਲਪੁਰ, ਅਮਰਜੀਤ ਸਿੰਘ ਬਿਜਲਪੁਰ, ਗੁਰਬਚਨ ਸਿੰਘ ਢੈਂਠਲ, ਕਸ਼ਮੀਰ ਸਿੰਘ ਢੈਂਠਲ ਤੇ ਗੁਰਦੇਵ ਸਿੰਘ ਸਮੇਤ ਕਾਫੀ ਗਿਣਤੀ 'ਚ ਕਿਸਾਨ ਮੌਜੂਦ ਸਨ |