24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪੰਜਾਬੀ ਯੂਨੀਵਰਸਿਟੀ ਦੇ 'ਬੋਟੈਨੀਕਲ ਗਾਰਡਨ' ਨੂੰ ਮਿਲਿਆ ਜਪਾਨੀ ਤਕਨੀਕ ਨਾਲ ਤਿਆਰ ਟਰੈਕਟਰ

Ad Position 21
No active advertisement
ਅਜੀਤ ਡੈਸਕ 28-09-2025
ਪਟਿਆਲਾ, 27 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਦੀ ਸਾਂਭ-ਸੰਭਾਲ਼ ਲਈ ਪ੍ਰਸਿੱਧ ਕੰਪਨੀ ਸੇਫ਼ੈਕਸ ਕੈਮੀਕਲਜ਼ (ਇੰਡੀਆ) ਲਿਮਟਿਡ, ਨਵੀਂ ਦਿੱਲੀ ਵਲੋਂ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਨੂੰ ਆਧੁਨਿਕ ਜਪਾਨੀ ਤਕੀਨਕ ਨਾਲ਼ ਤਿਆਰ ਇਕ ਟ੍ਰੈਕਟਰ ਮੁਹੱਈਆ ਕਰਵਾਇਆ ਗਿਆ ਹੈ | ਕੰਪਨੀ ਵਲੋਂ ਸੀ.ਐੱਸ.ਆਰ. ਗ੍ਰਾਂਟ ਤਹਿਤ ਦਾਨ ਕੀਤੇ ਗਏ ਇਸ ਟ੍ਰੈਕਟਰ ਦੇ ਨਾਲ਼ ਰੋਟਾਵੇਟਰ ਅਤੇ ਖੇਤੀਬਾੜੀ ਸੰਬੰਧੀ ਵਰਤੋਂ ਲਈ ਹੋਰ ਔਜ਼ਾਰ ਜਿਵੇਂ ਕਿ ਘਾਹ ਕੱਟਣ ਵਾਲੇ ਆਧੁਨਿਕ ਉਪਕਰਣ ਆਦਿ ਵੀ ਪ੍ਰਦਾਨ ਕੀਤੇ ਗਏ ਹਨ | ਕੰਪਨੀ ਪ੍ਰਤੀਨਿਧੀ ਐੱਸ.ਕੇ. ਚੌਧਰੀ, ਜੋ ਕਿ ਯੂਨੀਵਰਸਿਟੀ ਦੇ ਬਨਸਪਤੀ ਵਿਭਾਗ ਦੇ ਹੀ ਸਾਬਕਾ ਵਿਦਿਆਰਥੀ ਹਨ, ਵੱਲੋਂ ਟ੍ਰੈਕਟਰ ਸਮੇਤ ਸਾਰਾ ਸਮਾਨ ਵਿਭਾਗ ਨੂੰ ਸੌਂਪਿਆ ਗਿਆ | ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੰਪਨੀ ਦਾ ਉਚੇਚਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਬਨਸਪਤੀ ਵਿਭਾਗ ਦਾ ਬੋਟੈਨੀਕਲ ਗਾਰਡਨ, ਜੋ ਕਿ ਵਿਸ਼ਵ ਪੱਧਰੀ ਪ੍ਰਸਿੱਧ ਬਗੀਚਿਆਂ ਵਿਚੋਂ ਇਕ ਹੈ, ਹੁਣ ਆਧੁਨਿਕ ਔਜ਼ਾਰਾਂ ਦੇ ਆਉਣ ਨਾਲ਼ ਹੋਰ ਬੁਲੰਦੀਆਂ ਹਾਸਿਲ ਕਰੇਗਾ | ਇਕ ਹੋਰ ਅਹਿਮ ਟਿੱਪਣੀ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਆਪਣੀ ਭਾਵਕ ਸਾਂਝ ਰੱਖਣ ਵਾਲ਼ੇ ਸਾਬਕਾ ਵਿਦਿਆਰਥੀ ਯੂਨੀਵਰਸਿਟੀ ਦਾ ਅਸਲ ਸਰਮਾਇਆ ਹਨ | ਕੰਪਨੀ ਪ੍ਰਤੀਨਿਧੀ ਐਸ.ਕੇ. ਚੌਧਰੀ, ਨੇ ਬਨਸਪਤੀ ਵਿਭਾਗ ਅਤੇ ਯੂਨੀਵਰਸਿਟੀ ਪ੍ਰਤੀ ਸ਼ੁਭ ਇਛਾਵਾਂ ਅਤੇ ਭਾਵੁਕ ਯਾਦਾਂ ਦਾ ਇਜ਼ਹਾਰ ਕੀਤਾ | ਉਨ੍ਹਾਂ ਉਮੀਦ ਪ੍ਰਗਟਾਈ ਕਿ ਕਿ ਇਨ੍ਹਾਂ ਯੰਤਰਾਂ ਨਾਲ਼ ਉਨ੍ਹਾਂ ਦੇ ਵਿਭਾਗ ਦਾ ਬੋਟੈਨੀਕਲ ਗਾਰਡਨ ਹੋਰ ਵਧੀਆ ਅਤੇ ਸੁੰਦਰ ਦਿੱਖ ਪ੍ਰਾਪਤ ਕਰਨ ਵਿਚ ਕਾਮਯਾਬ ਹੋਵੇਗਾ | ਵਿਭਾਗ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਨੇ ਇਸ ਮੌਕੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਖੁਸ਼ੀ ਸਹਿਤ ਦੱਸਿਆ ਕਿ ਨਿਸ਼ਚੇ ਹੀ ਇਹ ਟ੍ਰੈਕਟਰ ਅਤੇ ਔਜ਼ਾਰ ਵਿਭਾਗ ਦੇ 22 ਏਕੜ ਵਿਚ ਸਥਾਪਿਤ ਬੋਟੈਨੀਕਲ ਗਾਰਡਨ ਅਤੇ ਕੰਜ਼ਰਵੇਟਰੀ ਦੀ ਸਾਂਭ-ਸੰਭਾਲ਼ ਨੂੰ ਆਧੁਨਿਕਤਾ ਸਹਿਤ ਹੋਰ ਵਧੀਆ ਤਰੀਕੇ ਨਾਲ਼ ਅਤੇ ਘੱਟ ਸਮੇਂ ਵਿਚ ਕਰਨ ਪੱਖੋਂ ਸਹਾਇਕ ਸਿੱਧ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਸੜਕਾਂ ਦੀ ਮੁਰੰਮਤ ਲਈ ਵੱਡਾ ਬਜਟ ਜਾਰੀ ਅਗਲੀ ਖ਼ਬਰ 10ਵੇਂ ਆਯੁਰਵੈਦ ਦਿਹਾੜੇ ਮੌਕੇ 101 ਵਿਅਕਤੀਆਂ ਨੇ ਕੀਤਾ ਖੂਨ ਦਾਨ
Ad Position 24