ਪਟਿਆਲਾ, 27 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਵਿਕਾਸ ਕਾਰਜਾਂ ਨੂੰ ਇਕ ਨਵੀਂ ਰਫ਼ਤਾਰ ਮਿਲੀ ਜਦੋਂ ਪਟਿਆਲਾ ਸ਼ਹਿਰੀ ਇਲਾਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਭਰਪੂਰ ਗਾਰਡਨ 'ਚ 14 ਲੱਖ 90 ਹਜ਼ਾਰ, ਅਰਜਨ ਨਗਰ 'ਚ 11 ਲੱਖ 47 ਹਾਜ਼ਰ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕੰਮ ਅਤੇ ਪੀ.ਡਬਲਯੂ.ਡੀ. ਦੇ ਸਹਿਯੋਗ ਨਾਲ ਫੁਆਰਾ ਚੌਂਕ ਤੋਂ ਸ਼ੁਰੂ ਹੋ ਕੇ ਲੀਲਾ ਭਵਨ, ਲੀਲਾ ਭਵਨ ਤੋਂ ਗਾਰਡਨ ਰੀਜੋਰਟ 21 ਨੰਬਰ ਪੁਲ ਦੇ ਥੱਲੇ ਯੂ ਟਰਨ ਲੈ ਕੇ ਵਾਪਸੀ ਫੁਆਰਾ ਚੌਂਕ ਤੱਕ ਲਗਭਗ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ | ਉਨ੍ਹਾਂ ਦਸਿਆ ਕਿ ਇਨ੍ਹਾਂ ਸੜਕਾਂ ਦੀ ਹਾਲਤ ਲੰਬੇ ਸਮੇਂ ਤੋਂ ਬੇਹੱਦ ਖ਼ਰਾਬ ਸੀ, ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਪੈਣ 'ਤੇ ਇੱਥੇ ਪਾਣੀ ਭਰ ਜਾਂਦਾ ਸੀ ਅਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ | ਲੋਕਾਂ ਨੇ ਮੰਗ ਕੀਤੀ ਸੀ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਜਾਂ ਨਵੀਨ ਨਿਰਮਾਣ ਕਰਵਾਇਆ ਜਾਵੇ | ਇਸ ਮੰਗ ਨੂੰ ਦੇਖਦਿਆਂ ਵਿਧਾਇਕ ਕੋਹਲੀ ਨੇ ਇਕ ਕਰੋੜ ਛਿਆਲੀ ਲੱਖ ਰੁਪਏ ਦੇ ਬਜਟ ਨਾਲ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਕਰ ਦਿੱਤੀ ਹੈ | ਉਨ੍ਹਾਂ ਦਸਿਆ ਕਿ 300 ਕਿਲੋਮੀਟਰ ਵਿਚੋਂ ਲਗਭਗ 250 ਕਿਲੋਮੀਟਰ ਪਾਈਪਲਾਈਨਾਂ ਪਹਿਲਾਂ ਹੀ ਵਿਛਾਈ ਜਾ ਚੁੱਕੀਆਂ ਹਨ, ਜਿਸ ਤੋਂ ਬਾਅਦ ਹੁਣ ਸੜਕਾਂ ਦੀ ਪੱਕੀ ਮੁਰੰਮਤ ਅਤੇ ਨਵੀਨ ਨਿਰਮਾਣ ਦਾ ਕੰਮ ਵੀ ਚੱਲ ਪਿਆ ਹੈ | ਵਿਧਾਇਕ ਕੋਹਲੀ ਨੇ ਇਸ ਮੌਕੇ 'ਤੇ ਇਲਾਕੇ ਦੀਆਂ ਹੋਰ ਸਮੱਸਿਆਵਾਂ ਨੂੰ ਦੇਖਦਿਆਂ ਕਿਹਾ ਕਿ ਸਿਰਫ਼ ਸੜਕਾਂ ਦੀ ਮੁਰੰਮਤ ਕਰਵਾਉਣਾ ਹੀ ਨਹੀਂ, ਸਗੋਂ ਇਲਾਕੇ ਦੀ ਡਰੇਨੇਜ ਪ੍ਰਣਾਲੀ, ਪਾਰਕਾਂ, ਸਟਰੀਟ ਲਾਈਟਾਂ, ਸਫ਼ਾਈ ਪ੍ਰਬੰਧ ਅਤੇ ਫੁੱਟਪਾਥਾਂ ਨੂੰ ਵੀ ਨਵੇਂ ਸਿਰੇ ਨਾਲ ਠੀਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਕੰਮ ਲਗਭਗ ਤਿੰਨ ਮਹੀਨੇ ਦੇ ਅੰਦਰ ਪੂਰਾ ਹੋ ਜਾਣ ਦੀ ਉਮੀਦ ਹੈ ਅਤੇ ਇਹ ਕੰਮ ਪੀ.ਡਬਲਿਊ.ਡੀ. ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਤਿਆਰ ਕੀਤੇ ਵਿਸ਼ੇਸ਼ ਯੋਜਨਾ ਅਧੀਨ ਕਰਵਾਇਆ ਜਾ ਰਿਹਾ ਹੈ | ਅਜੀਤਪਾਲ ਸਿੰਘ ਕੋਹਲੀ ਨੇ ਆਪਣੇ ਸੰਬੋਧਨ 'ਚ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਵਿਚ ਭਾਗੀਦਾਰ ਬਣਨ | ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ, ਉਸੇ ਤਰ੍ਹਾਂ ਜਨਤਾ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ | ਸਫ਼ਾਈ ਰੱਖਣੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਅਤੇ ਵਿਕਾਸ ਕਾਰਜਾਂ ਵਿਚ ਸਹਿਯੋਗ ਦੇਣ | ਇਹ ਸਾਰੀਆਂ ਗੱਲਾਂ ਮਿਲ ਕੇ ਹੀ ਇਕ ਵਧੀਆ ਸ਼ਹਿਰ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿਚ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਵਿਚ ਪਾਣੀ ਦੀ ਸੁਵਿਧਾ, ਨਿਕਾਸੀ ਲਾਈਨਾਂ ਦੇ ਨਵੀਨੀਕਰਨ, ਸੜਕਾਂ ਦੇ ਕੰਢੇ ਦੀ ਮੁਰੰਮਤ ਅਤੇ ਪਾਰਕਾਂ ਦੀ ਸਜਾਵਟ ਆਦਿ ਸ਼ਾਮਲ ਹਨ | ਉਨ੍ਹਾਂ ਅਖੀਰ ਵਿਚ ਇਹ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਕ ਸੇਵਕ ਵਾਂਗ ਨਿਭਾਉਣਗੇ ਨਾ ਕਿ ਸਿਰਫ਼ ਇਕ ਰਾਜਨੀਤਿਕ ਨੁਮਾਇੰਦੇ ਵਾਂਗ | ਮੇਅਰ ਕੁੰਦਨ ਗੋਗੀਆ ਨੇ ਇਸ ਸੰਬੰਧੀ ਦੱਸਦੇ ਹੋਏ ਕਿਹਾ ਕਿ ਮੌਸਮ ਦੀ ਮਾੜੀ ਸਥਿਤੀ ਕਾਰਨ ਕੰਮਾਂ ਵਿੱਚ ਕੁਝ ਦੇਰੀ ਹੋਈ ਸੀ ਪਰ ਹੁਣ ਹਰੇਕ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ 'ਚ ਕਿਸੇ ਵੀ ਤਰ੍ਹਾਂ ਦੀ ਹੋਰ ਦੇਰੀ ਨਹੀਂ ਹੋਣ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਸੀ. ਰਮਨਪ੍ਰੀਤ ਕੌਰ ਕੋਹਲੀ, ਕੰਵਲਜੀਤ ਕੌਰ ਜੱਗੀ, ਇਤਵਿੰਦਰ ਸਿੰਘ, ਜਗਤਾਰ ਸਿੰਘ ਜੱਗੀ, ਭਵਨ ਪੁਨੀਤ ਸਿੰਘ ਤੋਂ ਇਲਾਵਾ ਪੀ.ਡਬਲਿਊ.ਡੀ. ਅਤੇ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ |