ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ 'ਚ ਸਟੇਟ ਅਵਾਰਡੀ ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਹੋਈ | ਜਿਸ ਵਿਚ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਐੱਸ.ਐੱਮ.ਸੀ ਦੇ ਮੈਂਬਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਪਿ੍ੰਸੀਪਲ ਡਾ.ਰਜਨੀਸ਼ ਗੁਪਤਾ ਅਤੇ ਸਮੂਹ ਸਟਾਫ਼ ਨੇ ਮਾਪਿਆਂ ਦਾ ਸਵਾਗਤ ਕੀਤਾ | ਇਸ ਤੋਂ ਇਲਾਵਾ ਬੱਚਿਆਂ ਦੀ ਸਤੰਬਰ ਪ੍ਰੀਖਿਆ ਦੀ ਕਾਰਗੁਜ਼ਾਰੀ ਬਾਰੇ ਸੀ.ਈ.ਪੀ. ਪ੍ਰੀਖਿਆ, ਮਿਸ਼ਨ ਮੈਰਿਟ, ਯੁੱਧ ਨਸ਼ਿਆਂ ਵਿਰੁੱਧ, ਇੰਗਲਿਸ਼ ਹੈਲਪਰ ਪ੍ਰੋਗਰਾਮ ਅਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ | ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਵਿੱਦਿਅਕ ਕਿਰਿਆਵਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮਾਪੇ ਤੇ ਅਧਿਆਪਕ ਦੋਨੋਂ ਮਿਲ ਜਾਣ ਤਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ | ਉਨ੍ਹਾਂ ਨੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਦਾ ਸਾਥ ਦੇਣ | ਇਸ ਮੌਕੇ 'ਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਮੂਹ ਸਹੂਲਤਾਂ ਅਤੇ ਸਕੂਲ ਦੀਆਂ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਅਤੇ ਉਪਲਬਧੀਆਂ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਬਿਜ਼ਨਸ ਬਲਾਸਟਰ ਨਾਲ ਸੰਬੰਧਿਤ ਸਟਾਲਾਂ ਲਗਾਈਆਂ ਗਈਆਂ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਸਨ |