ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ 3 ਵਿਅਕਤੀਆਂ ਨੂੰ ਇਕ ਦੇਸੀ ਪਿਸਤੌਲ, ਮੈਗਜ਼ੀਨ ਅਤੇ 4 ਜਿੰਦਾ ਰੌਂਦਾਂ ਸਮੇਤ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜੋਗਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਪਿੰਡ ਮਹਿਮਦਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ | ਨਾਕਾਬੰਦੀ ਦੌਰਾਨ ਅੰਬਾਲਾ ਵਾਲੇ ਪਾਸੇ ਤੋਂ ਪੈਦਲ ਆ ਰਹੇ 3 ਵਿਅਕਤੀਆਂ ਨੂੰ ਜਦੋਂ ਸ਼ੱਕ ਦੇ ਅਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਕਤ 3 ਵਿਅਕਤੀਆਂ ਦੇ ਕਬਜ਼ੇ 'ਚੋਂ ਇਕ ਰੋਹਿਤ ਕੁਮਾਰ ਵਾਸੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪਾਸੋਂ ਇਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ, ਦੂਜੇ ਗੋਬਿੰਦ ਵਾਸੀ ਪਿੰਡ ਮਹਿਰਾਜ ਬਸਤੀ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਪਾਸੋਂ 2 ਜਿੰਦਾ ਰੋਂਦ 32 ਬੋਰ ਅਤੇ ਤੀਜੇ ਸੁਮਿਤ ਖਾਨ ਵਾਸੀ ਹਿਰਨ ਕਲੱਬ ਕਰੜੀ ਨੇੜੇ ਮਨਸੂਰੀ ਹੋਟਲ ਅਮਨ ਵਿਹਾਰ ਪੁਰਾਣੀ ਦਿੱਲੀ ਪਾਸੋਂ ਵੀ 2 ਜਿੰਦਾ ਰੋਂਦ 32 ਬੋਰ ਦੇ ਬਰਾਮਦ ਹੋਏ | ਥਾਣਾ ਸ਼ੰਭੂ ਦੀ ਪੁਲਿਸ ਨੇ ਤਿੰਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |