ਸਨੌਰ, 1 ਨਵੰਬਰ (ਮੋਹਣ ਸਿੰਘ ਭੱਟੀ)- ਹਲਕਾ ਸਨੌਰ ਵਿਖੇ ਵਾਲਮੀਕੀ ਸਮਾਜ ਦੀ ਸਤਿਕਾਰਤ ਸ਼ਖ਼ਸੀਅਤ ਸਵਰਗੀ ਚੌਧਰੀ ਛੱਜੂ ਰਾਮ, ਜੋ ਬੀਤੀ 18 ਅਕਤੂਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਬੀਤੀ 29 ਅਕਤੂਬਰ ਨੂੰ ਠਾਕੁਰ ਦੁਆਰਾ ਮੰਦਰ ਵਿਖੇ ਕੀਤੀ ਗਈ | ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਸਵ: ਛੱਜੂ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਵਿਸ਼ਵੇਸ਼ਵਰ ਸੰਕੀਰਤਨ ਮੰਡਲ ਪਟਿਆਲਾ ਵੱਲੋਂ ਭਗਵਾਨ ਵਾਲਮੀਕੀ ਦਾ ਗੁਣਗਾਨ ਕਰਕੇ ਮਾਹੌਲ ਨੂੰ ਭਗਤੀ ਮਈ ਬਣਾਇਆ ਗਿਆ | ਅੰਤਿਮ ਅਰਦਾਸ ਉਪਰੰਤ 'ਰਸਮ ਪਗੜੀ' ਦੀ ਪ੍ਰਕਿਰਿਆ ਅਦਾ ਕੀਤੀ ਗਈ | ਇਸ ਦੌਰਾਨ ਸਭ ਤੋਂ ਪਹਿਲਾਂ ਉਹਨਾਂ ਦੇ ਸਪੁੱਤਰ ਸ੍ਰੀ ਅਨਿਲ ਕੁਮਾਰ ਦੇ ਦਸਤਾਰ ਬੰਨ੍ਹ ਕੇ ਉਹਨਾਂ ਨੂੰ ਪਰਿਵਾਰ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਤੋਂ ਬਾਅਦ, ਸਮੂਹ ਪਰਿਵਾਰ ਦੀ ਪੂਰਨ ਸਹਿਮਤੀ ਨਾਲ ਅਤੇ ਸਮਾਜ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ, ਸਵ: ਚੌਧਰੀ ਛੱਜੂ ਰਾਮ ਦੀ ਜਗ੍ਹਾ 'ਤੇ ਵੀਰ ਬਿੱਟੂ ਸੰਗਰ ਦੇ ਪਗੜੀ ਬੰਨ੍ਹ ਕੇ ਉਹਨਾਂ ਨੂੰ ਸਮਾਜ ਦੀ ਚੌਧਰ (ਅਗਵਾਈ) ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ | ਇਸ ਨਵੀਂ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਿਆਂ ਨਵ-ਨਿਯੁਕਤ ਚੌਧਰੀ ਵੀਰ ਬਿੱਟੂ ਸੰਗਰ ਨੇ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਅੱਜ ਸਮੂਹ ਵਾਲਮੀਕਿ ਸਮਾਜ ਤੇ ਸਤਿਕਾਰਯੋਗ ਸਵਰਗੀ ਚੌਧਰੀ ਛੱਜੂ ਰਾਮ ਦੇ ਪਰਿਵਾਰ ਨੇ ਜੋ ਵਿਸ਼ਵਾਸ ਮੇਰੇ 'ਤੇ ਪ੍ਰਗਟਾਇਆ ਹੈ, ਮੈਂ ਉਸ ਅੱਗੇ ਸਿਰ ਝੁਕਾਉਂਦਾ ਹਾਂ | ਇਹ 'ਪਗੜੀ' ਮੇਰੇ ਲਈ ਸਿਰਫ਼ ਇਕ ਸਨਮਾਨ ਨਹੀਂ, ਸਗੋਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ | ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਇਸ ਪਗੜੀ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਰੱਖਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ | ਇਸ ਮੌਕੇ ਸਰਦਾਰ ਗੁਰਮੇਲ ਸਿੰਘ, ਸੁਰਿੰਦਰ ਕੁਮਾਰ ਮੱਟੂ (ਰਾਸ਼ਟਰੀ ਕਾਰਜਕਾਰਨੀ ਮੈਂਬਰ ਭਾਵਾਧਸ ਭਾਰਤ), ਜੀਵਨ ਲਾਲ ਕੁੱਕੂ, ਰਾਜ ਕੁਮਾਰ (ਰਾਜੂ ਬਾਬਾ), ਪਰਮਜੀਤ ਭੋਲਾ, ਹੈਪੀ ਸੰਗਰ, ਐਡਵੋਕੇਟ ਰਵਿੰਦਰ ਸਹੋਤਾ, ਸਮਿਤ ਕੁਮਾਰ ਜੋਨੀ, ਪਿ੍ੰਸ ਕੁਮਾਰ ਲਾਡਾ, ਸੰਜੀਵ ਕੁਮਾਰ ਸੰਜੂ, ਰਜਿੰਦਰ ਲਾਲੀ, ਦੀਪਕ ਕੁਮਾਰ, ਲੱਕੀ ਸੰਗਰ, ਵਿੱਕੀ ਸੰਗਰ ਤੇ ਵਿਸਕੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |