ਸਨੌਰ, 1 ਨਵੰਬਰ (ਮੋਹਨ ਸਿੰਘ ਭੱਟੀ, ਗੀਤਵਿੰਦਰ ਸਿੰਘ ਸੋਖਲ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੌਰ ਵਿਖੇ ਪੀਐਮ ਸ਼੍ਰੀ ਸਕੀਮ ਤਹਿਤ ਸਲਾਨਾ ਸਮਾਗਮ ਬੜੀ ਧੂਮਧਾਮ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਤੇ ਵਿਦਵਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਮੁੱਖ ਮਹਿਮਾਨ ਵਜੋਂ ਤੇ ਗਿਆਨ ਜੋਤੀ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਉਪਕਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੂਲ ਦੀ ਪਿ੍ੰਸੀਪਲ ਡਾ. ਕਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੌਰਾਨ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਬੋਰਡ ਦੀਆਂ ਜਮਾਤਾਂ ਵਿਚੋਂ ਪਹਿਲੇ ਸਥਾਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ, ਪਿਛਲੇ ਸੈਸ਼ਨ ਦੌਰਾਨ ਸਭ ਤੋਂ ਵੱਧ ਹਾਜ਼ਰੀ ਲਗਵਾਉਣ ਵਾਲੀਆਂ ਵਿਦਿਆਰਥਣਾਂ ਅਤੇ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ 'ਚ ਜ਼ਿਲ੍ਹਾ ਤੇ ਸੂਬਾ ਪੱਧਰ 'ਤੇ ਮੱਲ੍ਹਾਂ ਮਾਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਕੂਲੀ ਵਿਦਿਆਰਥਣਾਂ ਵੱਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਯੋਗਾ ਪ੍ਰਦਰਸ਼ਨ, ਫੈਂਸੀ ਡਰੈੱਸ ਮੁਕਾਬਲੇ, ਗਿੱਧਾ ਅਤੇ ਹੋਰ ਸੱਭਿਆਚਾਰਕ ਨਿ੍ਤਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਦੀਆਂ ਸਾਹਿਤਕ ਪ੍ਰਾਪਤੀਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੱਢੇ ਜਾਂਦੇ 'ਬਾਲ ਪ੍ਰੀਤ' ਰਸਾਲੇ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਯੋਗਦਾਨ ਪਾਇਆ ਹੈ | ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਵਿਦਿਆਰਥਣਾਂ ਨੂੰ ਪ੍ਰੇਰਕ ਕਵਿਤਾ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ | ਵਿਸ਼ੇਸ਼ ਮਹਿਮਾਨ ਉਪਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੀ ਬਜਾਏ ਕਿਤਾਬਾਂ ਨਾਲ ਦੋਸਤੀ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅੰਗਰੇਜ਼ੀ ਲੈਕਚਰਾਰ ਮਨੋਜ ਕੁਮਾਰ, ਲੈਕ-ਚਰਾਰ ਹਰਸਿਮਰਤ ਕੌਰ, ਲੈਕਚਰਾਰ ਲਵਲੀ ਇਨੋਸੈਂਟ, ਲੈਕਚਰਾਰ ਦਿਨੇਸ਼ ਗੁਪਤਾ, ਲੈਕਚਰਾਰ ਦੀਪਕ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਮੀਨਾਕਸ਼ੀ ਸਮੇਤ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |