ਪਟਿਆਲਾ, 21 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਤੇ ਬੇਮਿਸਾਲ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸਰੀਰਕ ਪੀੜਾਂ, ਤਾਨਾਸ਼ਾਹੀ ਤੇ ਜ਼ੁਲਮ ਦੇ ਸਾਹਮਣੇ ਅਡੋਲ ਖੜ੍ਹੇ ਰਹਿਣ ਦਾ ਜੋ ਸੰਦੇਸ਼ ਗੁਰੂ ਸਾਹਿਬ ਜੀ ਨੇ ਦਿੱਤਾ, ਉਹ ਅੱਜ ਦੇ ਸਮਾਜ ਲਈ ਵੀ ਚਾਨਣ ਦਾ ਰੂਪ ਹੈ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ, ਮਨੁੱਖਤਾ ਤੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਆਪਣਾ ਸੀਸ ਦੇ ਦਿੱਤਾ, ਪਰ ਆਪਣੇ ਸਿਧਾਂਤ ਨਹੀਂ ਤਿਆਗੇ | ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਡਰ, ਲਾਲਚ ਜਾਂ ਦਬਾਅ ਦੇ ਹੇਠਾਂ ਆਪਣੀ ਸੂਝ-ਬੂਝ 'ਤੇ ਖੜ੍ਹੇ ਰਹਿਣ ਦਾ ਹੌਸਲਾ ਹੀ ਅਸਲੀ ਬਹਾਦਰੀ ਹੈ | ਬਲਵਿੰਦਰ ਸਿੰਘ ਕੰਗ ਨੇ ਮੌਜੂਦਾ ਸਮਾਜਕ ਪਰਿਸਥਿਤੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ਵਿਚ ਨੈਤਿਕ ਮੁੱਲਾਂ, ਸਹਿਣਸ਼ੀਲਤਾ ਤੇ ਸੱਚ ਦੀ ਰਾਹ 'ਤੇ ਡਟੇ ਰਹਿਣ ਦੀ ਲੋੜ ਪਹਿਲਾਂ ਨਾਲੋਂ ਵੱਧ ਹੈ | ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਇਹ ਵੀ ਦੱਸਦੀ ਹੈ ਕਿ ਮਨੁੱਖਤਾ ਸਭ ਤੋਂ ਪਹਿਲਾਂ ਹੈ | ਜੇ ਸਮਾਜ 'ਚ ਆਪਸੀ ਆਦਰ, ਸਚਾਈ ਤੇ ਹੱਕਾਂ ਦੀ ਰੱਖਿਆ ਜੀਵਨ ਸ਼ੈਲੀ ਬਣ ਜਾਏ, ਤਾਂ ਬਹੁਤੀਆਂ ਗ਼ਲਤਫ਼ਹਿਮੀਆਂ ਤੇ ਟਕਰਾਅ ਆਪ ਹੀ ਸਦੀਆਂ ਲਈ ਮੁੱਕ ਜਾਂਦੇ ਹਨ | ਪਟਿਆਲਾ ਵੈੱਲਫੇਅਰ ਸੋਸਾਇਟੀ ਵਲੋਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸਿਰਫ ਸਮਾਗਮਾਂ ਤੱਕ ਸੀਮਤ ਨਾ ਕੀਤਾ ਜਾਵੇ, ਸਗੋਂ ਉਸ ਦੇ ਅਸਲ ਸੰਦੇਸ਼ ਧੀਰਜ, ਸਹਿਮਤੀ, ਨਿਆਂ ਅਤੇ ਮਨੁੱਖਤਾ ਨੂੰ ਆਪਣੀ ਰੋਜਾਨਾ ਦੇ ਜੀਵਨ 'ਚ ਲਿਆਇਆ ਜਾਵੇ | ਸੰਸਥਾ ਵਲੋਂ ਨੌਜਵਾਨ ਪੀੜ੍ਹੀ ਨੂੰ ਖ਼ਾਸ ਤੌਰ 'ਤੇ ਇਹ ਸਿੱਖਿਆ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ, ਤਾਂ ਕਿ ਸਮਾਜ ਵਿਚ ਨੈਤਿਕਤਾ ਅਤੇ ਸੱਚ ਦੀ ਰਾਹ ਮਜ਼ਬੂਤ ਹੋਵੇ |