ਰਾਜਪੁਰਾ, 22 ਨਵੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਦੋ ਬੱਸਾਂ ਵਿਚ ਹੋਈ ਟੱਕਰ ਨੂੰ ਲੈ ਕੇ ਦੋਵਾਂ ਡਰਾਇਵਰਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਬੱਸ ਦਿੱਲੀ ਤੋਂ ਆ ਰਹੀ ਸੀ ਅਤੇ ਉਸ ਨੇ ਅੱਗੇ ਸਰਹਿੰਦ ਸਾਇਡ ਜਾਣਾ ਸੀ ਇਸੇ ਤਰ੍ਹਾਂ ਪੀ.ਆਰ.ਟੀ.ਸੀ. ਦੀ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ | ਜਦੋਂ ਇਹ ਦੋਵੇ ਬੱਸਾਂ ਗਗਨ ਚੌਕ ਉਵਰ ਬਿ੍ਜ ਦੇ ਨੇੜੇ ਗਈਆਂ ਤਾਂ ਇਨ੍ਹਾਂ ਦੀ ਆਪਸੀ ਟੱਕਰ ਹੋ ਗਈ | ਇਸ ਟੱਕਰ ਵਿਚ ਸਰਕਾਰੀ ਬੱਸ ਦਾ ਡਰਾਇਵਰ ਛੱਜੂ ਸਿੰਘ ਗੰਭੀਰ ਜਖਮੀ ਹੋ ਗਿਆ ਹੈ | ਇਸੇ ਤਰ੍ਹਾਂ ਢਾਈ ਸਾਲ ਦੀ ਬੱਚੀ ਭਾਰਗੀ ਅਤੇ ਨੌ ਸਾਲ ਦਾ ਬੱਚਾ ਲਵਲੀ ਜਖਮੀ ਹੋਏ ਹਨ | ਇਸ ਦੇ ਨਾਲ ਹੀ ਇਕ ਦਰਜਨ ਦੇ ਕਰੀਬ ਹੋਰ ਜਖਮੀ ਹੋਏ ਹਨ ਜਿਨ੍ਹਾਂ ਵਿਚੋਂ ਤਿੰਨ ਮਰੀਜਾਂ ਨੂੰ ਪਟਿਆਲਾ ਅਤੇ ਇਕ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ ਜਦ ਕਿ ਬਾਕੀ ਦੇ ਜਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਕਰ ਦਿੱਤੀ ਹੈ | ਇਸ ਸੰਬੰਧੀ ਐਸ.ਐਮ.ਓ. ਡਾ. ਸੰਜੀਵ ਅਰੋੜਾ ਨੇ ਦੱ ਸਿਆ ਕਿ ਉਨ੍ਹਾਂ ਕੋਲ 12 ਦੇ ਕਰੀਬ ਐਕਸੀਡੈਂਟ 'ਚ ਹੋਏ ਜਖਮੀ ਆਏ ਸਨ | ਇਨ੍ਹਾਂ ਵਿਚੋਂ ਇਕ ਇਕ ਮਰੀਜ ਦਾ ਇਲਾਜ ਪਹਿਲਾਂ ਹੀ ਪੀ. ਜੀ.ਆਈ. ਵਿਖੇ ਚੱਲ ਰਿਹਾ ਸੀ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ | ਇਸ ਤੋਂ ਇਲਾਵਾ ਤਿੰਨ ਜਖਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਹੈ | ਚੌਂਕੀ ਇਨਚਾਰਜ ਬੱਸ ਸਟੈਂਡ ਬਲਬੀਰ ਸਿੰਘ ਨੇ ਦੱਸਿਆ ਕਿ ਦੋਨਾਂ ਬੱਸਾਂ ਦੇ ਡਰਾਇਵਰਾਂ ਛੱਜੂ ਸਿੰਘ ਅਤੇ ਜਸਵੀਰ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |