ਪਾਤੜਾਂ, 22 ਨਵੰਬਰ (ਜਗਦੀਸ਼ ਸਿੰਘ ਕੰਬੋਜ)-'ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ, ਪਾਤੜਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵਲੋਂ ਕਰਵਾਈਆਂ ਗਈਆਂ 69ਵੀਆਂ ਸਕੂਲਾਂ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਹਿੱਸਾ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਕ ਵਿਦਿਆਰਥਣ ਵਲੋਂ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਹਾਸਲ ਕਰਨ 'ਤੇ ਕੌਮੀ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਲਈ ਚੁਣਿਆ ਗਿਆ | ਜਦੋਂ ਕਿ ਹੋਰ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈ ਕੇ ਚਾਂਦੀ ਦਾ ਤਗਮਾ ਅਤੇ ਟਰਾਫ਼ੀਆਂ ਜਿੱਤ ਕੇ ਆਪਣਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਪੁੱਜਣ 'ਤੇ ਇਕ ਸਮਾਗਮ ਕਰਵਾ ਕੇ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਦੀ ਅਗਵਾਈ 'ਚ ਅਧਿਆਪਕਾਂ ਵਲੋਂ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਫ਼ੌਜੀ ਬੈਂਡ ਦੀਆਂ ਧੁਨਾਂ ਨਾਲ ਗਰਮਜੋਸ਼ੀ ਸਵਾਗਤ ਕਰਨ ਉਪਰੰਤ ਸਕੂਲ ਅਧਿਆਪਕਾਂ ਨੇ ਦੱਸਿਆ ਕਿ 11ਵੀਂ ਕਲਾਸ ਦੀ ਵਿਦਿਆਰਥਣ ਪਰਮੀਤ ਕੌਰ ਨੇ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤ ਕੇ ਨੈਸ਼ਨਲ ਮੁਕਾਬਲਿਆਂ ਲਈ ਚੁਣੇ ਜਾਣ ਦੀ ਜਿੱਥੇ ਅਹਿਮ ਪ੍ਰਾਪਤੀ ਕੀਤੀ ਹੈ ਉੱਥੇ ਹੀ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਅਰਸ਼ਪ੍ਰੀਤ ਕੌਰ ਅਤੇ ਮਨਦੀਪ ਕੌਰ ਨੇ ਕਰਾਟੇ ਦੇ ਮੁਕਾਬਲੇ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਤਗਮਾ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਸੁਖਮਨਦੀਪ ਸਿੰਘ ਨੇ ਬਾਕਸਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਦੂਜਾ ਸਥਾਨ ਹਾਸਿਲ ਕੀਤਾ ਹੈ | ਸ਼ਾਟਗਨ ਦੇ ਮੁਕਾਬਲੇ ਸੂਬੇ 'ਚੋਂ ਪਹਿਲੇ ਸਥਾਨ 'ਤੇ ਰਹੀ ਅਤੇ ਕੌਮੀ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਲਈ ਚੁਣੀ ਗਈ ਪਰਮਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਸਕੂਲ ਮੈਨੇਜਮੈਂਟ ਵਲੋਂ ਇਸ ਖੇਡ ਲਈ ਕੀਤੇ ਗਏ ਪ੍ਰਬੰਧ ਅਤੇ ਸਕੂਲ ਦੇ ਕੋਚ ਨੂੰ ਦਿੰਦਿਆਂ ਕਿਹਾ ਕਿ ਉਸ ਦਾ ਸੁਪਨਾ ਕੌਮਾਂਤਰੀ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ ਅਤੇ ਇਸ ਲਈ ਮੇਰੇ ਵਲੋਂ ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕੀਤੀ ਜਾਵੇਗੀ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਅਤੇ ਵਾਈਸ ਪਿ੍ੰਸੀਪਲ ਮੰਨਤ ਕੌਰ ਹਰੀਕਾ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਸ਼ਾਨਦਾਰ ਸਫਲਤਾਵਾਂ 'ਤੇ ਵਧਾਈਆਂ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਪੜਾਈ ਦੇ ਨਾਲ ਖੇਡਾਂ ਵਿਚ ਹਿੱਸਾ ਲੈਣ ਚਾਹੀਦਾ ਹੈ ਜਿੱਥੇ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਖੇਡਾਂ ਵਿਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ 'ਚ ਨੌਕਰੀਆਂ ਦੀ ਪਹਿਲ ਦਿੱਤੀ ਜਾਂਦੀ ਹੈ | ਸਕੂਲ ਦੇ ਡਾਇਰੈਕਟਰ ਦਵਿੰਦਰ ਕੌਰ ਵਲੋਂ ਇਨ੍ਹਾਂ ਵਿਦਿਆਰਥੀਆਂ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ |