ਦੇਵੀਗੜ੍ਹ, 22 ਨਵੰਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਲਈ ਇਕ ਗੌਰਵਮਈ ਪਲ ਆਇਆ ਜਦੋਂ ਅੱਜ ਸਕੂਲ ਵਿਚ ਰਸਮੀ ਤੌਰ 'ਤੇ ਐਨ.ਸੀ.ਸੀ. (ਨੈਸ਼ਨਲ ਕੈਡੈਂਟ ਕੋਰ) ਯੂਨਿਟ ਦੀ ਸ਼ੁਰੂਆਤ ਕੀਤੀ ਗਈ | ਇਸ ਮਹੱਤਵਪੂਰਨ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਨਾ ਸਿਰਫ ਅਕਾਦਮਿਕ ਤੌਰ 'ਤੇ ਮਜ਼ਬੂਤ ਕਰਨਾ ਹੈ, ਬਲਕਿ ਉਨ੍ਹਾਂ 'ਚ ਦੇਸ਼-ਸੇਵਾ ਅਤੇ ਚੰਗੇ ਨਾਗਰਿਕ ਦੇ ਗੁਣ ਵੀ ਪੈਦਾ ਕਰਨਾ ਹੈ | ਸ਼ੁਰੂਆਤੀ ਸਮਾਰੋਹ ਦੌਰਾਨ, ਐਨ.ਸੀ.ਸੀ ਪ੍ਰਬੰਧਕ ਕੇਸ਼ਵ ਕਾਂਤ ਨੇ ਵਿਦਿਆਰਥੀਆਂ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਕਿਹਾ ਕਿ ਐਨ.ਸੀ.ਸੀ. ਦੀ ਭੂਮਿਕਾ ਸਿਰਫ ਮਿਲਟਰੀ ਸਿਖਲਾਈ ਤੱਕ ਸੀਮਤ ਨਹੀਂ ਹੈ | ਐਨ.ਸੀ.ਸੀ. ਵਿਦਿਆਰਥੀਆਂ 'ਚ ਅਨੁਸ਼ਾਸਨ, ਦੇਸ਼-ਭਗਤੀ, ਲੀਡਰਸ਼ਿਪ ਅਤੇ ਚੇਤਨਸ਼ੀਲ ਨਾਗਰਿਕ ਬਣਨ ਦੇ ਗੁਣ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ | ਇਹ ਕੋਰਸ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਸਮਰਪਣ ਅਤੇ ਸਵੈ-ਵਿਸ਼ਵਾਸ ਦਾ ਪਾਠ ਸਿਖਾਉਂਦਾ ਹੈ | ਇਸ ਵਿਚ ਸ਼ਾਮਲ ਹੋਣ ਨਾਲ ਮਿਲਣ ਵਾਲੇ ਭਵਿੱਖੀ ਮੌਕਿਆਂ (ਜਿਵੇਂ ਕਿ ਰੱਖਿਆ ਸੇਵਾਵਾਂ ਵਿਚ ਪ੍ਰੇਰਨਾ , ਸਰਕਾਰੀ ਨੌਕਰੀਆਂ ਵਿਚ ਤਰਜੀਹ) ਅਤੇ ਮੁਕੰਮਲ ਟਰੇਨਿੰਗ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਇਸ ਪਹਿਲਕਦਮੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਯੂਨਿਟ ਦੀ ਸ਼ੁਰੂਆਤ ਮਾਤਾ ਗੁਜਰੀ ਸਕੂਲ ਲਈ ਇਕ ਗੌਰਵਮਈ ਕਦਮ ਹੈ | ਸਾਡਾ ਮੰਨਣਾ ਹੈ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ | ਐਨ.ਸੀ.ਸੀ. ਦੀ ਇਹ ਪਹਿਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ | ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸਿਰਫ ਚੰਗੇ ਵਿਦਿਆਰਥੀ ਹੀ ਨਾ ਬਣਨ, ਬਲਕਿ ਦੇਸ਼ ਦੇ ਜ਼ਿੰਮੇਵਾਰ ਅਤੇ ਸਮਰਪਿਤ ਨਾਗਰਿਕ ਵੀ ਬਣਨ | ਸਕੂਲ ਪ੍ਰਬੰਧਕਾਂ ਨੇ ਉਮੀਦ ਜਤਾਈ ਹੈ ਕਿ ਵਿਦਿਆਰਥੀ ਇਸ ਯੂਨਿਟ ਵਿਚ ਵੱਧ-ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲੈਣਗੇ | ਉਨ੍ਹਾਂ ਨੂੰ ਆਸ ਹੈ ਕਿ ਇਹ ਕੈਡੈਂਟ ਭਵਿੱਖ 'ਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਉਣਗੇ | ਇਸ ਇਤਿਹਾਸਕ ਮੌਕੇ 'ਤੇ ਸਕੂਲ ਪ੍ਰਧਾਨ ਰਵਿੰਦਰ ਕੌਰ ਅਤੇ ਪਿ੍ੰਸੀਪਲ ਮਮਤਾ ਮੱਕੜ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |