ਹੁਸ਼ਿਆਰਪੁਰ, 22 ਨਵੰਬਰ (ਬਲਜਿੰਦਰਪਾਲ ਸਿੰਘ)-18 ਨਵੰਬਰ ਤੋਂ 24 ਨਵੰਬਰ ਤੱਕ ਮਨਾਏ ਜਾ ਰਹੇ ਐਂਟੀ ਮਾਈਕਰੋਬੀਅਲ ਹਫ਼ਤੇ ਸਬੰਧੀ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਡਾ: ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਕਲੀਨਿਕ ਡਰੇਨੇਜ ਦਫ਼ਤਰ ਹੁਸ਼ਿਆਰਪੁਰ 'ਚ ਸੀਨੀਅਰ ਮੈਡੀਕਲ ਅਫ਼ਸਰ ਅਤੇ ਸ਼ਹਿਰੀ ਖੇਤਰਾਂ 'ਚ ਪੈਂਦੇ ਆਮ ਆਦਮੀ ਕਲੀਨਿਕਾਂ ਦੇ ਨੋਡਲ ਅਫ਼ਸਰ ਡਾ. ਰੋਹਿਤ ਬਰੂਟਾ ਦੀ ਅਗਵਾਈ 'ਚ ਐਂਟੀ ਮਾਈਕਰੋਬੀਅਲ ਪ੍ਰਤੀਰੋਧ ਰੋਕਥਾਮ ਅਤੇ ਕੰਟਰੋਲ ਵਿਸ਼ੇ 'ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੋਹਿਤ ਬਰੂਟਾ ਵੱਲੋਂ ਐਂਟੀ ਮਾਈਕਰੋਬੀਅਲ ਜਾਗਰੂਕਤਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹਰ ਸਾਲ 18 ਤੋਂ ਲੈ 24 ਨਵੰਬਰ ਤੱਕ ਵਿਸ਼ਵ ਰੋਗਾਣੂ ਨਾਸ਼ਕ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ | ਇਸ ਦਾ ਉਦੇਸ਼ ਲੋਕਾਂ ਨੂੰ ਐਂਟੀ ਬਾਇਓਟਿਕ ਦਵਾਈਆਂ ਅਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ | ਰੋਗਾਣੂਨਾਸ਼ਕ ਪ੍ਰਤੀਰੋਧ ਪ੍ਰਤੀ ਜਾਗਰੂਕਤਾ ਵਧਾਉਣ ਦਾ ਮੁੱਖ ਮਕਸਦ ਹੈ ਡਰੱਗ ਰੋਧਕ ਲਾਗਾਂ ਦੇ ਹੋਰ ਉਭਰਨ ਅਤੇ ਫੈਲਣ ਤੋਂ ਬਚਣ ਲਈ, ਆਮ ਲੋਕਾਂ, ਸਿਹਤ ਕਰਮੀਆਂ ਵਿਚ ਐਂਟੀ ਮਾਈਕਰੋਬੀਅਲ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਲਈ ਵਧੀਆ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ | ਡਾ. ਟਵਿੰਕਲ ਸਿੰਘ ਨੇ ਦੱਸਿਆ ਕਿ ਐਂਟੀਬਾਇਓਟਿਕ ਦੀ ਦੁਰਵਰਤੋਂ, ਜ਼ਿਆਦਾ ਵਰਤੋਂ, ਅਤੇ ਰੋਧਕ ਬੈਕਟੀਰੀਆ ਦੇ ਉੱਭਰਨ ਦੇ ਜੋਖਮਾਂ ਬਾਰੇ ਆਮ ਆਬਾਦੀ ਵਿੱਚ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਕਿਸੇ ਕਿਸਮ ਦੇ ਐਂਟੀਬਾਉਟਿਕਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ | ਇਸ ਮੌਕੇ ਫਾਰਮੇਸੀ ਅਫ਼ਸਰ ਨਵਪ੍ਰੀਤ ਕੌਰ, ਕਲੀਨਿਕਲ ਅਸਿਸਟੈਂਟ ਦਲਜੀਤ ਕੌਰ, ਹੈਲਪਰ ਮੀਨੂ ਅਤੇ ਮਰੀਜ਼ ਮੌਜੂਦ ਸਨ |