ਪਟਿਆਲਾ, 23 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਕਲਾ ਤੇ ਸੱਭਿਆਚਾਰ ਦੀ ਰਾਜਧਾਨੀ ਕਹਾਉਣ ਵਾਲੇ ਸ਼ਾਹੀ ਸ਼ਹਿਰ ਪਟਿਆਲਾ ਨੂੰ 25 ਨਵੰਬਰ ਤੋਂ 1 ਦਸੰਬਰ ਤੱਕ ਰੰਗ ਮੰਚ ਦੀਆਂ ਪੇਸ਼ਕਾਰੀਆਂ ਦਾ ਤੋਹਫ਼ਾ ਮਿਲਣ ਜਾ ਰਿਹਾ ਹੈ, ਜਿਸ ਵਿਚ ਸੱਤ ਦਿਨ ਤੱਕ ਰਾਸ਼ਟਰੀ ਪੱਧਰ ਦੇ ਨਾਟਕਾਂ ਦੀ ਪੇਸ਼ਕਾਰੀ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ, ਨਜ਼ਦੀਕ ਭਾਸ਼ਾ ਵਿਭਾਗ ਪੰਜਾਬ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਰ ਰੋਜ਼ ਸ਼ਾਮ 6 ਵਜੇ ਹੋਣਗੀਆਂ | ਇਸ ਦਾ ਮੁੱਖ ਪ੍ਰਬੰਧ ਪ੍ਰਸਿੱਧ ਨਾਟ ਸੰਸਥਾ ਕਲਾਕਿ੍ਤੀ ਪਟਿਆਲਾ ਵਲੋਂ ਉੱਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ | ਸਵਰਗੀ ਪ੍ਰੀਤਮ ਸਿੰਘ ਓਬਰਾਏ ਨੂੰ ਸਮਰਪਿਤ ਨਾਟਕ ਮੇਲੇ ਵਿਚ ਦੇਸ ਭਰ ਦੇ ਕਲਾਕਾਰ ਆਪਣੇ ਆਪਣੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ | ਇਸ ਫ਼ੈਸਟੀਵਲ ਦੇ ਬਾਰੇ ਕਲਾਕਿ੍ਤੀ ਦੀ ਡਾਇਰੈਕਟਰ ਤੇ ਪ੍ਰਸਿੱਧ ਅਦਾਕਾਰਾ ਤੇ ਨਾਟਕ ਨਿਰਦੇਸ਼ਕਾਂ ਪ੍ਰਮਿੰਦਰ ਪਾਲ ਕੌਰ ਨੇ ਦੱਸਿਆ ਕਿ ਪਟਿਆਲਾ ਰੰਗ ਮੰਚ ਦੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੱਥੇ ਹਰ ਸਾਲ ਉੱਚ ਪੱਧਰ ਦੇ ਨਾਟਕ ਸ਼ਾਮਿਲ ਹੁੰਦੇ ਹਨ ਅਤੇ ਦਰਸ਼ਕ ਵੀ ਸਾਲ ਭਰ ਤਕ ਇਸ ਦਾ ਇੰਤਜ਼ਾਰ ਕਰਦੇ ਹਨ | ਹੁਣ ਇਸ ਫ਼ੈਸਟੀਵਲ 'ਚ ਦਰਸ਼ਕਾਂ ਦੇ ਲਈ ਨਾਟਕ ਦੇਖਣ ਵਾਸਤੇ ਕੋਈ ਦਾਖਲਾ ਫ਼ੀਸ ਜਾ ਟਿਕਟ ਨਹੀਂ ਸਗੋਂ ਬਿਲਕੁਲ ਫ਼ਰੀ ਐਂਟਰੀ ਹੈ, ਜਿਸ ਵਿਚ ਕੋਈ ਵੀ ਕਲਾ ਪ੍ਰੇਮੀ ਸ਼ਾਮਿਲ ਹੋ ਸਕਦਾ ਹੈ ਅਤੇ ਇਸ ਫ਼ੈਸਟੀਵਲ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਲਾ ਸਮਿਖਕ, ਜੱਜ ਸਾਹਿਬਾਨ, ਪ੍ਰੋਫੈਸਰ, ਸਮਾਜ ਸੇਵੀ, ਮੰਤਰੀ ਅਤੇ ਵਿਧਾਇਕ ਮੁੱਖ ਰੂਪ 'ਚ ਸ਼ਾਮਿਲ ਹੋਣਗੇ | 25 ਨਵੰਬਰ ਨੂੰ ਪੰਜਾਬੀ ਨਾਟਕ 'ਹਿੰਦ ਦੀ ਚਾਦਰ' ਦੇ ਨਾਲ ਇਸ ਫ਼ੈਸਟੀਵਲ ਦੀ ਸ਼ੁਰੂਆਤ ਹੋਵੇਗੀ | ਰਵਿੰਦਰ ਸਿੰਘ ਸੋਢੀ ਦੇ ਲਿਖੇ ਇਸ ਨਾਟਕ ਨੂੰ ਇੰਪੈਕਟ ਆਰਟਸ ਮੋਹਾਲੀ ਦੇ ਬਨਿੰਦਰਜੀਤ ਸਿੰਘ ਬੰਨੀ ਦੇ ਨਿਰਦੇਸ਼ਨ ਵਿਚ ਪੇਸ਼ ਕੀਤਾ ਜਾਵੇਗਾ | 26 ਨਵੰਬਰ ਨੂੰ ਅਲੋਕ ਸ਼ੁਕਲਾ ਦੁਆਰਾ ਲਿਖਿਤ ਤੇ ਨਿਰਦੇਸ਼ਤ ਨਾਟਕ ਪ੍ਰਸਿੰਘਿਕ ਦਿੱਲੀ ਦੇ ਗਰੁੱਪ ਦੁਆਰਾ 'ਅਜੀਬ ਦਾਸਤਾ' ਦਾ ਮੰਚਨ ਹੋਵੇਗਾ | ਇਸੇ ਤਰ੍ਹਾਂ 27 ਨਵੰਬਰ ਨੂੰ ਉੱਤਰੀ ਭਾਰਤ ਦੀ ਪ੍ਰਸਿੱਧ ਰੰਗਮੰਚ ਸੰਸਥਾ ਕਲਾਕਿ੍ਤੀ ਪਟਿਆਲਾ ਵਲੋਂ ਵੀ ਡਾਕਟਰ ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਪ੍ਰਸਿੱਧ ਨਾਟਕ ਨਿਰਦੇਸ਼ਕ ਪਰਮਿੰਦਰ ਪਾਲ ਕੌਰ ਦੇ ਨਿਰਦੇਸ਼ਨ ਵਿਚ 'ਛੱਲਾ' ਨਾਟਕ ਦੀ ਪੇਸ਼ਕਾਰੀ ਹੋਵੇਗੀ | 28 ਨਵੰਬਰ ਨੂੰ ਕਾਨਪੁਰ ਦੇ ਨਾਟਯ ਵਸਤੂ ਸੰਸਕਿ੍ਤਿਕ ਅਤੇ ਸਮਾਜਿਕ ਸੰਸਥਾ ਵਲੋਂ ਪੰਜਾਬੀ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਅਤੇ ਪ੍ਰਵੀਨ ਅਰੋੜਾ ਦਾ ਨਿਰਦੇਸ਼ਤ ਕੀਤਾ ਨਾਟਕ 'ਤੁਮਹੇ ਕੋਨ ਸਾ ਰੰਗ ਪਸੰਦ ਹੈ' ਪੇਸ਼ ਕੀਤਾ ਜਾਵੇਗਾ | ਇਸੇ ਤਰੀਕੇ ਨਾਲ 29 ਨਵੰਬਰ ਨੂੰ ਕਾਸੀ ਨਾਥ ਸਿੰਘ ਤੇ ਗੋਬਿੰਦ ਮਿਸਰਾ ਦੀਆਂ ਕਹਾਣੀਆਂ ਤੇ ਆਧਾਰਿਤ ਪ੍ਰਸਤਵ ਰੰਗ ਮੰਡਲ ਦਿੱਲੀ ਦੇ ਗਰੁੱਪ ਵਲੋਂ 'ਰਿਲੇਸ਼ਨਸ਼ਿਪ ਰਿਦਮ 2.0' ਦਾ ਮੰਚਨ ਰਾਜ ਨਰਾਇਣ ਦਿਕਸ ਦੇ ਨਿਰਦੇਸ਼ਨ ਹੇਠ ਹੋਵੇਗਾ | 30 ਨਵੰਬਰ ਨੂੰ 'ਬਾਦਸ਼ਾਹਤ ਦਾ ਖ਼ਾਤਮਾ' ਸਾਦਤ ਹਸਨ ਮੰਟੋ ਦੀ ਕਹਾਣੀ ਤੇ ਆਧਾਰਿਤ ਅਖ਼ਤਰ ਅਲੀ ਦੁਆਰਾ ਰਚਿਤ ਅਤੇ ਡਾ. ਦੇਸ ਰਾਜ ਮੀਨਾ ਦੇ ਨਿਰਦੇਸ਼ਨ 'ਚ ਰੰਗ ਸੰਸਕਾਰ ਥੀਏਟਰ ਗਰੁੱਪ ਅਲਵਰ (ਰਾਜਸਥਾਨ) ਵਲੋਂ ਕੀਤਾ ਜਾਵੇਗਾ | ਇਸੇ ਤਰ੍ਹਾਂ ਫ਼ੈਸਟੀਵਲ ਦੇ ਆਖ਼ਰੀ ਦਿਨ 1 ਦਸੰਬਰ ਨੂੰ ਡਾਕਟਰ ਉਮਿੰਦਰ ਕੁਮਾਰ ਦੇ ਨਿਰਦੇਸ਼ਨ 'ਚ ਅਸ਼ੋਕ ਸਿੰਘ ਦੁਆਰਾ ਲਿਖਿਤ ਤੇ ਅਨੁਕਿ੍ਤੀ ਕਾਨਪੁਰ ਦੀ ਪੇਸ਼ਕਾਰੀ 'ਕੋਈ ਇਕ ਰਾਤ' ਦਾ ਮੰਚਨ ਕੀਤਾ ਜਾਵੇਗਾ | ਕਲਾਕਿ੍ਤੀ ਪਟਿਆਲਾ ਵਲੋਂ ਸਾਰੇ ਰੰਗਮੰਚ ਦੇ ਕਲਾਕਾਰਾਂ, ਕਲਾ ਪ੍ਰੇਮੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਇਸ ਨਾਟਕ ਸਮਾਰੋਹ 'ਚ ਸ਼ਾਮਿਲ ਹੋਣ ਦੇ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ |