ਨਾਭਾ, 7 ਦਸੰਬਰ (ਕਰਮਜੀਤ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ | ਨਾਮਜ਼ਦਗੀ ਪੱਤਰ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਹੁਣ ਬਚੇ ਉਮੀਦਵਾਰਾਂ ਦੇ ਹੱਕ 'ਚ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਪੋਤੇ ਮਾਨਇੰਦਰ ਸਿੰਘ ਮਾਨੀ ਦੀ ਅਗਵਾਈ ਹੇਠ ਅਕਾਲੀ ਆਗੂਆਂ, ਉਮੀਦਵਾਰਾਂ, ਸਰਕਲ ਪ੍ਰਧਾਨਾਂ ਤੇ ਵਰਕਰਾਂ ਦੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਬੈਠਕ ਦੌਰਾਨ ਲਾਲਕਾ ਅਤੇ ਮਾਨੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣਾਂ ਅਕਾਲੀ ਦਲ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਹਨ | ਇਸ ਲਈ ਹਰ ਵਰਕਰ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਮਿਹਨਤ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੇ ਹੱਕ ਵਿਚ ਲਹਿਰ ਬਣ ਰਹੀ ਹੈ ਤੇ ਸੱਤਾਧਾਰੀ ਪਾਰਟੀ ਆਤਮ-ਵਿਸ਼ਵਾਸ ਘਟਣ ਕਾਰਨ ਬੌਖਲਾਹਟ ਵਿਚ ਵੱਖ-ਵੱਖ ਹੱਥਕੰਡੇ ਅਪਣਾ ਰਹੀ ਹੈ ਪਰ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਅਕਾਲੀ ਲੀਡਰਸ਼ਿਪ ਵਰਕਰਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ | ਬੈਠਕ ਵਿਚ ਗੁਰਦਿਆਲ ਇੰਦਰ ਸਿੰਘ ਬਿੱਲੂ, ਬਲਤੇਜ ਸਿੰਘ ਖੋਖ, ਗੁਰਸੇਵਕ ਸਿੰਘ ਗੋਲੂ, ਜੱਸਾ ਖੋਖ, ਅਮਰੀਕ ਸਿੰਘ ਥੂਹੀ, ਅਬਜਿੰਦਰ ਸਿੰਘ ਜੋਗੀ, ਗੁਰਤੇਜ ਸਿੰਘ ਕੌਲ, ਬਲਵਿੰਦਰ ਸਿੰਘ ਧਾਰਨੀ, ਬਰਿੰਦਰ ਪਾਲ ਸਿੰਘ ਬਬਲੂ, ਕਰਮ ਸਿੰਘ ਮਾਂਗੇਵਾਲ, ਰਣਜੀਤ ਸਿੰਘ ਦੋਦਾ, ਗੁਰਤੇਜ ਸਿੰਘ ਖਨੌੜਾ, ਗੁਰਜੰਟ ਸਿੰਘ ਬਿਰੜਬਾਲ, ਡਾ. ਕਵੇਲੀ, ਮੋਹਨ ਸਿੰਘ ਰਾਮਗੜ੍ਹ, ਹਰਪ੍ਰੀਤ ਕੌਰ, ਕਸ਼ਮੀਰਾ ਸਿੰਘ ਗਲਵੱਟੀ, ਮੇਵਾ ਸਿੰਗ ਬਿਨਾਂਹੇੜੀ, ਸਤਨਾਮ ਸਿੰਘ ਤੂੰਗਾ, ਮੱਖਣ ਸਿੰਘ ਕੋਟ, ਹਰਭਜਨ ਸਿੰਘ ਮੱਲੇਵਾਲ, ਬੁੱਧ ਸਿੰਘ ਰੋਹਟੀ ਸਮੇਤ ਵੱਡੀ ਗਿਣਤੀ 'ਚ ਆਗੂਆਂ ਅਤੇ ਪਾਰਟੀ ਵਰਕਰ ਹਾਜ਼ਰ ਸਨ |