ਸਮਾਣਾ, 20 ਦਸੰਬਰ (ਸਾਹਿਬ ਸਿੰਘ)-ਸ਼ਨੀਵਾਰ ਸਵੇਰੇ ਟੋਡਰਪੁਰ-ਰਾਜਲਾ ਸੜਕ 'ਤੇ ਸਥਿਤ ਇਕ ਰੱਦੀ ਰੂੰ ਦੀ ਫ਼ੈਕਟਰੀ ਵਿਚ ਅਚਾਨਕ ਅੱਗ ਲਗ ਗਈ, ਜਿਸ ਕਾਰਨ ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਕੱਚਾ ਮਾਲ ਸੜ ਕੇ ਨੁਕਸਾਨ ਹੋਣ ਦੀ ਸੂਚਨਾ ਹੈ | ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੇ ਦਸਤਿਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ | ਫ਼ੈਕਟਰੀ ਮਾਲਕ ਅੰਕੁਰ ਸ਼ਰਮਾ ਨੇ ਦੱਸਿਆ ਕਿ ਅਚਾਨਕ ਅੱਗ ਲੱਗਣ ਦੀ ਸੂਚਨਾ ਲੇਬਰ ਵਲੋਂ ਉਨ੍ਹਾਂ ਨੂੰ ਸਵੇਰੇ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਫਾਇਰ ਬਿ੍ਗੇਡ ਸਟੇਸ਼ਨ 'ਤੇ ਪੁਲਿਸ ਨੂੰ ਸੂਚਨਾ ਦਿੱਤੀ | ਫਾਇਰ ਬਿ੍ਗੇਡ ਦੀਆਂ ਟੀਮਾਂ ਨੇ ਪਹੁੰਚ ਕੇ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਫ਼ੈਕਟਰੀ ਵਿਚ ਪਿਆ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ | ਸ਼ਹਿਰ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਫਾਇਰ ਬਿ੍ਗੇਡ ਕਰਮਚਾਰੀਆਂ ਨੂੰ ਗੱਡੀਆਂ ਵਿਚ ਪਾਣੀ ਭਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਮਾਲਕਾਂ ਨੇ ਮਸ਼ੀਨਰੀ, ਏ.ਸੀ. ਯੂਨਿਟ ਅਤੇ ਮਾਲ ਦੇ ਅੱਗ ਦੀ ਲਪੇਟ 'ਚ ਆਉਣ ਕਾਰਨ ਕਰੀਬ ਇਕ ਕਰੋੜ ਰੁਪਏ ਦੇ ਨੁਕਸਾਨ ਹੋਣ ਦਾ ਅੰਦਾਜਾ ਦੱਸਿਆ |