ਐੱਸ. ਏ. ਐੱਸ. ਨਗਰ, 20 ਦਸੰਬਰ (ਕਪਿਲ ਵਧਵਾ)-ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ ਵਿਚ ਪੁਲਿਸ ਹਿਰਾਸਤ ਵਿਚ ਚੱਲ ਰਹੇ ਦੋ ਮੁਲਜ਼ਮਾਂ ਐਸ਼ਪ੍ਰੀਤ ਸਿੰਘ ਅਤੇ ਜੁਗਰਾਜ ਸਿੰਘ ਉਰਫ਼ ਜੱਗਾ ਨੂੰ ਮੁਹਾਲੀ ਅਦਾਲਤ ਨੇ ਮੁੜ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ | ਇਸ ਤੋਂ ਪਹਿਲਾਂ ਗਿ੍ਫ਼ਤਾਰੀ ਉਪਰੰਤ 17 ਦਸੰਬਰ ਨੂੰ ਦੋਵਾਂ ਮੁਲਜ਼ਮਾਂ ਨੂੰ ਇਲਾਕਾ ਮੈਜਿਸਟ੍ਰੇਟ ਸੰਗਮ ਕੌਸ਼ਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੋਂ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ | ਸਨਿਚਰਵਾਰ ਨੂੰ ਪੁਲਿਸ ਵਲੋਂ ਮੁਲਜ਼ਮਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ ਸੀ, ਲਿਹਾਜ਼ਾ ਅਦਾਲਤ ਨੇ ਜਾਂਚ ਵਿਚ ਹਿਰਾਸਤੀ ਪੁੱਛਗਿੱਛ ਦੀ ਲੋੜ ਨੂੰ ਦੇਖਦੇ ਹੋਏ ਦੋਵਾਂ ਮੁਲਜ਼ਮਾਂ ਦਾ ਦੋ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ | ਪੁਲਿਸ ਅਧਿਕਾਰੀਆਂ ਮੁਤਾਬਿਕ ਹੱਤਿਆ ਨਾਲ ਜੁੜੀਆਂ ਅਹਿਮ ਕੜੀਆਂ ਜੋੜਨ ਅਤੇ ਹੋਰ ਪੁੱਛਗਿੱਛ ਕਰਨ ਲਈ ਮੁਲਜ਼ਮਾਂ ਦਾ ਰਿਮਾਂਡ ਜ਼ਰੂਰੀ ਹੈ |