ਪਟਿਆਲਾ, 20 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਦੁਨੀਆ ਦੇ ਕਿਸੇ ਵੀ ਹਿੱਸੇ 'ਚ ਕਿ੍ਸਮਸ ਮੌਕੇ ਕੋਈ ਵੀ ਸ਼ੋਭਾ ਯਾਤਰਾ ਨਹੀਂ ਕੱਢੀ ਜਾਂਦੀ | ਇਹ ਹਿੰਦੁਸਤਾਨ ਖ਼ਾਸ ਕਰ ਪੰਜਾਬ ਵਿਚੋਂ ਕੱਢਿਆ ਜਾਣਾ ਸੋਚੀ ਸਮਝੀ ਕਾਰਵਾਈ ਹੈ | ਇਹ ਗੱਲ ਸਮਾਜਸੇਵੀ ਅਤੇ ਧਰਮ ਪਰਿਵਰਤਨ ਰੋਕੋ ਲਹਿਰ ਦੀ ਅਗਵਾਈ ਕਰਨ ਵਾਲੇ ਦੇ ਆਗੂਆਂ ਵਲੋਂ ਕੀਤੀ ਪੈੱ੍ਰਸ ਮਿਲਣੀ ਵਿਚ ਗੁਰਜੀਤ ਸਿੰਘ ਕੋਹਲੀ ਨੇ ਕਹੀ | ਸ. ਕੋਹਲੀ ਮੁਤਾਬਿਕ ਢੋਲ ਢਮੱਕੇ ਅਤੇ ਤਰ੍ਹਾਂ ਤਰ੍ਹਾਂ ਦੀਆਂ ਫੈਂਸੀ ਡਰੈੱਸਾਂ ਪਾ ਕੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਵਿਚ ਅਜਿਹਾ ਕਰਨਾ ਕਿਸੇ ਪਾਸਿਉਂ ਵੀ ਠੀਕ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਸਪਸ਼ਟ ਕੀਤਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਪਰੰਤੂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਨਵੇਂ ਚਲਣ ਨੂੰ ਰੋਕਣ ਲਈ ਸੰਸਥਾ, ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ 'ਤੇ ਸੂਚਿਤ ਕਰੇਗੀ | ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬਾ, ਦੇਸ਼ ਇਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਨਮਨ ਕਰਦਾ ਹੈ | ਦੂਜੇ ਪਾਸੇ ਕੁਝ ਸਾਲ ਪਹਿਲਾ ਚਲਾਈ ਗਈ ਕ੍ਰਿਸਮਸ ਮੌਕੇ ਸ਼ੋਭਾ ਯਾਤਰਾ ਦੀ ਨਵੀਂ ਪ੍ਰਥਾ ਨਾਲ ਸ਼ਾਂਤਮਈ ਮਾਹੌਲ ਵੀ ਖ਼ਰਾਬ ਹੋ ਸਕਦਾ ਹੈ | ਪੁੱਛੇ ਜਾਣ 'ਤੇ ਇੱਥੇ ਉਨ੍ਹਾਂ ਦੇ ਨਾਲ ਬੈਠੇ ਕੁੱਝ ਸਨਾਤਨੀ ਆਗੂਆਂ ਵਲੋਂ ਕ੍ਰਿਸਚਨ ਬਣਨ ਵਾਲੇ ਲੋਕਾਂ ਨੂੰ ਆਪਣੇ ਨਾਮ ਨਾਲੋਂ ਸਿੰਘ, ਸ਼ਰਮਾ ਜਾਂ ਹੋਰ ਜਾਤ ਬਰਾਦਰੀਆਂ ਨਾ ਲਿਖਣ ਨੂੰ ਵੀ ਸਾਜ਼ਿਸ਼ ਕਰਾਰ ਦਿੱਤਾ | ਦੱਸਿਆ ਗਿਆ ਕਿ ਕਿ੍ਸਮਸ ਦਿਹਾੜਾ ਪ੍ਰਾਰਥਨਾ, ਚਰਚ ਸੇਵਾਵਾਂ ਅਤੇ ਸ਼ਾਂਤੀ ਦੇ ਸੰਦੇਸ਼ ਨਾਲ ਮਨਾਇਆ ਜਾਂਦਾ ਹੈ | ਇਸ ਲਈ ਕ੍ਰਿਸਮਸ ਮੌਕੇ ਸ਼ੋਭਾ ਯਾਤਰਾ ਦੀ ਯੋਜਨਾ ਬਣਾਉਣਾ ਧਾਰਮਿਕ ਤੌਰ 'ਤੇ ਵੀ ਅਸੰਗਤ ਅਤੇ ਅਣਉੱਚਿਤ ਹੈ | ਇਸ ਮੌਕੇ ਐਡਵੋਕੇਟ ਵਿਨੋਦ ਨੱਢਾ, ਗੁਰਜੋਤ ਗੋਲਡੀ, ਅਰਵਿੰਦ ਰਤਨ ਆਦਿ ਮੌਜੂਦ ਸਨ |