ਰਾਜਪੁਰਾ, 20 ਦਸੰਬਰ (ਰਣਜੀਤ ਸਿੰਘ)-ਵਿਦਿਆਰਥੀਆਂ ਨੂੰ ਮੋਬਾਇਲ ਗੇਮਾਂ ਵਲੋਂ ਧਿਆਨ ਹਟਾ ਕੇ ਰਵਾਇਤੀ ਖੇਡਾਂ ਅਤੇ ਪੜਾਈ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਰਾਜਪੁਰਾ ਨਮਨ ਮੜਕਣ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰ ਗੰਜ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੂੰ ਸਕੂਲ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਐਸ.ਡੀ.ਐਮ. ਨਮਨ ਮੜਕਣ ਨੇ ਕਿਹਾ ਕਿ ਮਾਪੇ ਅਧਿਆਪਕ ਮਿਲਣੀ ਪੰਜਾਬ ਸਰਕਾਰ ਦਾ ਸਿਖਿਆਂ ਦੇ ਖੇਤਰ ਵਿਚ ਬਹੁਤ ਵੱਡਾ ਉਪਰਾਲਾ ਹੈ ਅਤੇ ਇਸ ਨਾਲ ਜਦੋ ਮਾਪੇ ਆਪਣੇ ਬੱਚਿਆਂ ਦੇ ਅਧਿਆਪਕਾਂ ਨੂੰ ਮਿਲਦੇ ਹਨ ਤਾਂ ਉਹ ਦੀ ਸਕੂਲ ਵਿਚ ਕਾਰਗੁਜਾਰੀ ਦਾ ਪਤਾ ਲੱਗਦਾ ਹੈ ਅਤੇ ਜੇਕਰ ਕਿੱਤੇ ਕੋਈ ਘਾਟ ਰਹਿ ਜਾਂਦੀ ਹੈ ਤਾਂ ਉਸ ਦਾ ਹੱਲ ਕਰ ਲਿਆ ਜਾਂਦਾ ਹੈ | ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਸਕੂਲ ਵਿਚ ਆ ਕੇ ਉਨ੍ਹਾਂ ਦੀ ਸਕੁੂਲ ਦੇ ਦਿਨਾਂ ਦੀ ਯਾਦ ਤਾਜਾ ਹੋ ਗਈ | ਸਕੂਲ ਵਲੋਂ ਬੱਚਿਆਂ ਨੂੰ ਮੋਬਾਇਲ ਗੇਮਾਂ ਦੀ ਬਜਾਏ ਰਵਾਇਤੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮਾਟੋ ਬਣਾਏ ਹੋਏ ਸਨ | ਇਨ੍ਹਾਂ ਸਾਰੇ ਮਾਟੋਆਂ ਨੂੰ ਵੇਖ ਕੇ ਐਸ ਡੀ ਐਮ ਮੜਕਣ ਕਾਫੀ ਜਿਆਦਾ ਖੁੱਸ਼ ਵੀ ਹੋਏ |ਉਹਨਾਂ ਨੇ ਕਿਹਾ ਕਿ ਭਾਵੇਂ ਅੱਜ ਕੱਲ੍ਹ ਮੋਬਾਇਲ ਬੱਚਿਆਂ ਦੀ ਪੜ੍ਹਾਈ ਲਈ ਜਰੂਰੀ ਵੀ ਹੋ ਗਿਆ ਹੈ ਪਰ ਇਸ ਦੀ ਵਰਤੋਂ ਸਿਰਫ ਤੇ ਸਿਰਫ ਪੜ੍ਹਾਈ ਲਿਖਾਈ ਜਾਂ ਹੋਰ ਆਮ ਜਾਣਕਾਰੀ ਇਕੱਤਰ ਕਰਨ ਲਈ ਹੀ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਸਕੂਲ ਵਲੋਂ ਕੋਈ ਵੀ ਮੰਗ ਕੀਤੀ ਜਾਵੇਗੀ ਤਾਂ ਉਹ ਇਸ ਮੰਗ ਸੰਬੰਧੀ ਉਪਰੋਕਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਉਣਗੇ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਇਮਾਰਤ ਕਰੀਬ ਡੇਢ ਸੋ ਸਾਲ ਪੁਰਾਣੀ ਹੈ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਹਰ ਖੇਤਰ ਵਿਚ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਦੇ ਬੱਚੇ ਫੌਜ, ਰਾਜਨੀਤੀ, ਪੁਲਿਸ ਵਿਭਾਗ, ਅਧਿਆਪਕ ਅਤੇ ਹਰ ਖੇਤਰ ਵਿਚ ਝੰਡੇ ਗੱਡ ਰਹੇ ਹਨ | ਇਸ ਮੌਕੇ ਤੇ ਹੋਰਨਾਂ ਸਮੇਤ ਲੈਕਚਰਾਰ ਨੀਰਜ ਸ਼ਰਮਾ, ਰੇਨੂੰ ਬਾਲਾ, ਸੀਮਾ, ਪਾਰੁਲ, ਕਿਰਨ ਦੇਵੀ, ਮਮਤਾ ਸ਼ਰਮਾ, ਮੇਘਾ ਡੈਵਿਡ, ਹਿਮਾਨੀ ਗੋਇਲ, ਅਮੀਤਾ ਰਾਣੀ, ਰੇਖਾ ਸ਼ਰਮਾ, ਵੰਦਨਾ ਥਾਪਰ, ਜੱਜ ਸਿੰਘ ਅਤੇ ਹੋਰ ਅਧਿਆਪਕ ਹਾਜਰ ਸਨ |