ਪਟਿਆਲਾ, 20 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਸ਼ਹਿਰ ਵਿਚ ਕਈ ਸੜਕਾਂ ਉੱਪਰ ਵੱਧ ਰਹੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਅਲੱਗ-ਅਲੱਗ ਟ੍ਰੈਫਿਕ ਯੂਨਿਟਾਂ ਵਲੋਂ ਕੀਤੇ ਜ਼ਮੀਨੀ ਸਰਵੇਖਣ ਦੇ ਆਧਾਰ 'ਤੇ ਸੁਝਾਏ ਨੁਕਤਿਆਂ ਅਨੁਸਾਰ ਦੋ ਮੇਨ ਸੜਕਾਂ ਉੱਤੇ ਆਰਜ਼ੀ ਤੌਰ 'ਤੇ ਸੜਕਾਂ ਦੀ ਕਰਾਸਿੰਗ (ਲਾਂਘਾ) ਨੂੰ 22 ਦਸੰਬਰ ਤੋਂ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਠੀਕ ਤਰੀਕੇ ਨਾਲ ਚੱਲ ਸਕੇ ਤੇ ਜਾਮ ਦੀ ਸਮੱਸਿਆ ਹੱਲ ਹੋ ਸਕੇ | ਇਹ ਜਾਣਕਾਰੀ ਦਿੰਦਿਆਂ ਐਸ.ਪੀ. ਟ੍ਰੈਫਿਕ ਐੱਚ.ਐੱਸ. ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਪਟਿਆਲਾ ਸ਼ਹਿਰ ਅੰਦਰ ਟ੍ਰੈਫਿਕ ਰੁਕਾਵਟਾਂ ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹੈ | ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖੰਡਾ ਚੌਕ ਤੋਂ ਦੂਖ-ਨਿਵਾਰਨ ਸਾਹਿਬ ਜੇਲ੍ਹ ਰੋਡ ਵਾਲੀਆਂ ਲਾਈਟਾਂ ਤੱਕ ਸੜਕ ਨੂੰ ਪੂਰਨ ਤਰੀਕੇ ਨਾਲ ਬੈਰਗੇਟਿੰਗ ਨਾਲ ਡਿਵਾਈਡਰ ਬਣਾ ਕੇ ਪਾਸੀ ਰੋਡ ਤੋਂ ਮੇਨ ਰੋਡ ਉੱਪਰ ਚੜ੍ਹਨ ਵਾਲਾ ਕੱਟ ਬੰਦ ਕੀਤਾ ਜਾ ਰਿਹਾ ਹੈ | ਸਰਹਿੰਦ ਰੋਡ ਤੋਂ ਆ ਕੇ ਪਾਸੀ ਰੋਡ ਨੂੰ ਮੁੜਨ ਵਾਲੇ ਵਹੀਕਲ ਖੰਡਾ ਚੌਂਕ ਤੋਂ ਯੂ ਟਰਨ ਲੈ ਕੇ ਆ ਸਕਦੇ ਹਨ ਜਾਂ ਫਿਰ ਜੇਲ੍ਹ ਰੋਡ ਦੂਖ-ਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਮੁੜ ਕੇ ਐਨਵਾਇਰਨਮੈਂਟ ਪਾਰਕ ਵਾਲੀ ਸੜਕ ਤੋਂ ਜਾ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਾਸੀ ਰੋਡ ਤੋਂ ਨਿਕਲ ਕੇ ਖੰਡਾ ਚੌਂਕ ਨੂੰ ਜਾਣ ਵਾਲੇ ਵਹੀਕਲ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਯੂ ਟਰਨ ਲੈ ਕੇ ਜਾ ਸਕਦੇ ਹਨ ਜਾਂ ਪਿੱਛੋਂ ਹੀ ਐਨਵਾਇਰਨਮੈਂਟ ਪਾਰਕ ਵਿਚਲੀ ਸੜਕ ਤੋਂ ਜੇਲ੍ਹ ਰੋਡ ਉੱਪਰ ਚੜ੍ਹ ਕੇ ਦੂਖ-ਨਿਵਾਰਨ ਸਾਹਿਬ ਵਾਲੀਆਂ ਲਾਈਟਾਂ ਤੋਂ ਸੱਜੇ ਲੈ ਸਕਦੇ ਹਨ¢ ਇਸੇ ਦੌਰਾਨ ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਨੇ ਅੱਗੇ ਦੱਸਿਆ ਕਿ ਫੁਹਾਰਾ ਚੌਂਕ ਤੋਂ ਠੀਕਰੀ ਵਾਲਾ ਚੌਂਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਂਕ ਤੱਕ ਵਧਾ ਕੇ ਦੋਨੋਂ ਚੌਂਕਾਂ ਨੂੰ ਮਿਲਾ ਕੇ ਇਕ ਵੱਡੇ ਸਰਕੁਲਰ ਰੋਡ ਵਿਚ ਬਦਲਿਆ ਜਾ ਰਿਹਾ ਹੈ ਇਸ ਨਾਲ ਲੋਅਰ ਮਾਲ ਰੋਡ ਤੋਂ ਆਉਣਾ ਵਾਲੇ ਵਹੀਕਲ ਜੋ ਮੁੱਖ ਡਾਕ ਘਰ ਵੱਲ ਨੂੰ ਜਾਂ ਪੁਰਾਣੇ ਬੱਸ ਸਟੈਂਡ ਵੱਲ ਨੂੰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਫੁਹਾਰਾ ਚੌਂਕ ਤੋਂ ਖੱਬੇ ਮੁੜ ਕੇ ਠੀਕਰੀ ਵਾਲਾ ਚੌਂਕ ਤੋਂ ਯੂ ਟਰਨ ਲੈ ਕਰ ਆਉਣਾ ਪਵੇਗਾ¢ ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵਹੀਕਲ ਲੋਅਰ ਮਾਲ ਰੋਡ ਤੋਂ ਅੱਪਰ ਮਾਲ ਰੋਡ ਨੂੰ ਕੁਨੈਕਟ ਕਰਨ ਵਾਲੀਆਂ ਅੰਦਰੂਨੀ ਸੜਕਾਂ ਰਾਹੀਂ ਵੀ ਸਿੱਧਾ ਠੀਕਰੀਵਾਲਾ ਚੌਂਕ ਤੋਂ ਟਰਨ ਲੈ ਸਕਣਗੇ ਅਜਿਹਾ ਕਰਨ ਨਾਲ ਆਸ ਕੀਤੀ ਹੈ ਕਿ ਫੁਹਾਰਾ ਚੌਂਕ 'ਚ ਲੱਗਣ ਵਾਲਾ ਜਾਮ ਖ਼ਤਮ ਹੋ ਜਾਵੇਗਾ ਅਤੇ ਲੋਅਰ ਮਾਲ ਰੋਡ ਉੱਪਰ ਵੀ ਟ੍ਰੈਫਿਕ ਦਾ ਦਬਾਅ ਘਟੇਗਾ¢ ਐਸ.ਪੀ. ਟ੍ਰੈਫਿਕ ਐੱਚ.ਐਸ. ਮਾਨ ਤੇ ਡੀ.ਐਸ.ਪੀ. ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਦੋਨੋਂ ਸੜਕਾਂ ਉੱਪਰ ਆਰਜ਼ੀ ਤੌਰ 'ਤੇ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੇ ਲੱਗ ਰਹੇ ਜਾਮ ਨੂੰ ਘਟਾਇਆ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਸੁਚਾਰੂ ਟ੍ਰੈਫਿਕ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ¢