ਪਟਿਆਲਾ, 20 ਦਸੰਬਰ (ਗੁਰਵਿੰਦਰ ਸਿੰਘ ਔਲਖ)-'ਬਲੌਸਮਜ ਕਾਰਨੀਵਾਲ 2025' ਬੜੇ ਉਤਸ਼ਾਹ ਅਤੇ ਖੁਸ਼ੀ ਭਰੇ ਮਾਹੌਲ ਵਿਚ ਮਨਾਇਆ ਗਿਆ | ਸਮਾਗਮ 'ਚ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਮਹਿਮਾਨਾਂ ਦੀ ਵੱਡੀ ਗਿਣਤੀ ਨੇ ਭਾਗ ਲਿਆ | ਕਾਰਨੀਵਾਲ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੋਈ, ਉਪਰੰਤ ਸਰਸਵਤੀ ਵੰਦਨਾ ਰਾਹੀਂ ਗਿਆਨ ਅਤੇ ਬੁੱਧੀ ਲਈ ਅਸ਼ੀਰਵਾਦ ਦੀ ਕਾਮਨਾ ਕੀਤੀ ਗਈ | ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ ਪ੍ਰਸਤੁਤੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ | ਇਸ ਦੌਰਾਨ 'ਦ ਕੈਂਟਰਵਿਲ ਗੋਸ਼ਟ' ਦੀ ਨਾਟਕੀ ਪੇਸ਼ਕਾਰੀ ਅਤੇ ਹਿੰਦੀ ਨਾਟਕ 'ਇਤਿਹਾਸ ਕੀ ਏਕ ਅਮਰ ਗਾਥਾ' ਨੂੰ ਖ਼ਾਸ ਸਰਹਾਣਾ ਮਿਲੀ | ਸੂਫ਼ੀ ਨਾਚ ਨੇ ਰੂਹਾਨੀ ਸੰਗੀਤ ਅਤੇ ਮਨਮੋਹਕ ਅੰਦਾਜ਼ ਨਾਲ ਸਮਾਗਮ ਨੂੰ ਹੋਰ ਰੰਗੀਨ ਬਣਾ ਦਿੱਤਾ | ਵਿਦਿਆਰਥੀਆਂ ਵਿਚ ਤੰਦਰੁਸਤੀ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਨ ਲਈ ਮੈਰਾਥਨ ਕਰਵਾਈ ਗਈ | ਇਸ ਮੌਕੇ ਅਲੂਮਨੀ ਐਸੋਸੀਏਸ਼ਨ ਵਲੋਂ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ 'ਨਸ਼ਿਆਂ ਵਿਰੁੱਧ ਚੌਥੀ ਮੈਰਾਥਨ ਦੌੜ' ਸੰਬੰਧੀ ਪੋਸਟਰ ਦਾ ਉਦਘਾਟਨ ਕੀਤਾ ਗਿਆ, ਜਿਸ ਰਾਹੀਂ ਨਸ਼ਾ ਮੁਕਤ ਜੀਵਨਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ | ਕਾਰਨੀਵਾਲ ਦੌਰਾਨ ਕਰਵਾਏ ਗਏ ਲੱਕੀ ਡਰਾਅ ਨੇ ਵੀ ਸਮਾਗਮ ਵਿਚ ਰੌਣਕ ਬਣਾਈ | ਸਮਾਗਮ ਦੇ ਅੰਤ ਵਿਚ ਸ੍ਰੀਮਤੀ ਬਿੰਦੂ ਵੈਦ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਕਾਰਨੀਵਾਲ ਖ਼ੁਸ਼ਗਵਾਰ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਕੁੱਲ ਮਿਲਾ ਕੇ 'ਬਲੌਸਮਜ ਕਾਰਨੀਵਲ-2025' ਵਿਦਿਆਰਥੀਆਂ ਦੀ ਰਚਨਾਤਮਕਤਾ, ਆਤਮਵਿਸਵਾਸ਼ ਅਤੇ ਪ੍ਰਤਿਭਾ ਦਾ ਸਫਲ ਪ੍ਰਦਰਸ਼ਨ ਸਾਬਤ ਹੋਇਆ |