ਸਨੌਰ, 20 ਦਸੰਬਰ (ਸੋਖਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਬਲਾਕ ਸਨੌਰ ਦੇ ਸਮੂਹ ਮੈਂਬਰਾਂ ਦੀ ਇਕ ਅਹਿਮ ਬੈਠਕ ਸਨੌਰ ਵਿਖੇ ਕੀਤੀ ਗਈ | ਇਸ ਬੈਠਕ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਦਕਿ ਜ਼ਿਲ੍ਹਾ ਪ੍ਰਧਾਨ ਸ਼ਾਂਤੀ ਰਾਣੀ ਤੇ ਬਲਾਕ ਅਰਬਨ ਦੀ ਪ੍ਰਧਾਨ ਮਾਇਆ ਰਾਣੀ ਨੇ ਵੀ ਸ਼ਿਰਕਤ ਕੀਤੀ | ਬੈਠਕ ਦੌਰਾਨ ਬਲਾਕ ਸਨੌਰ ਦੀਆਂ ਆਂਗਣਵਾੜੀ ਵਰਕਰਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਭਵਿੱਖੀ ਯੋਜਨਾਵਾਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਸਮਾਜ ਦੀ ਨੀਂਹ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਤਨਖ਼ਾਹਾਂ 'ਚ ਵਾਧਾ, ਸੇਵਾ ਸੁਰੱਖਿਆ ਤੇ ਹੋਰ ਬੁਨਿਆਦੀ ਸੁਵਿਧਾਵਾਂ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ | ਜ਼ਿਲ੍ਹਾ ਪ੍ਰਧਾਨ ਸ਼ਾਂਤੀ ਰਾਣੀ ਨੇ ਵਰਕਰਾਂ ਨੂੰ ਇਕਜੁਟ ਹੋ ਕੇ ਯੂਨੀਅਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਬੈਠਕ ਦੌਰਾਨ ਬਲਾਕ ਸਨੌਰ ਦੀ ਨਵੀਂ ਕਾਰਜਕਾਰਨੀ ਦੀ ਚੋਣ ਵੀ ਕੀਤੀ ਗਈ | ਇਸ ਮੌਕੇ ਸਹਿਮਤੀ ਨਾਲ ਮੀਨਾ ਸ਼ਰਮਾ ਨੂੰ ਬਲਾਕ ਸਨੌਰ ਦੀ ਪ੍ਰਧਾਨ ਚੁਣਿਆ ਗਿਆ | ਮੀਨਾ ਸ਼ਰਮਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਂਗਣਵਾੜੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ |