ਪਟਿਆਲਾ, 20 ਦਸੰਬਰ (ਗੁਰਵਿੰਦਰ ਸਿੰਘ ਔਲਖ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ , ਪਟਿਆਲਾ ਵਲੋਂ ਪ੍ਰੋ. (ਡਾ.) ਰਤਨ ਸਿੰਘ ਉਪ ਕੁਲਪਤੀ ਦੀ ਅਗਵਾਈ ਹੇਠ ਯੂ. ਜੀ. ਸੀ. ਰੈਗੂਲੇਸਨਜ 2022 ਦੇ ਅਧੀਨ ਨਵੇਂ ਸੈਸਨ ਲਈ ਪੀ. ਐੱਚ. ਡੀ. ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਵਲੋਂ ਪੀ. ਐੱਚ. ਡੀ. ਪ੍ਰੋਗਰਾਮ ਸੰਬੰਧੀ ਪ੍ਰੋਸਪੈਕਟਸ ਜਾਰੀ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. (ਡਾ.) ਰਤਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਉਦੇਸ਼ ਗੁਣਵੱਤਾ-ਅਧਾਰਿਤ ਅਤੇ ਸਮਾਜ-ਉਪਯੋਗੀ ਖੋਜ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਦੱਸਿਆ ਕਿ ਪੀ. ਐੱਚ. ਡੀ. ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਖੋਜ ਦੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਰਿਸਰਚ ਸਕਾਲਰਾਂ ਨੂੰ ਆਧੁਨਿਕ ਅਕਾਦਮਿਕ ਸੁਵਿਧਾਵਾਂ ਦੇ ਨਾਲ-ਨਾਲ ਮਾਹਿਰ ਅਧਿਆਪਕਾਂ ਵਲੋਂ ਉਚਿਤ ਮਾਰਗਦਰਸਨ ਵੀ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ, ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਖੋਜ ਨੈਤਿਕਤਾ, ਨਵੀਨਤਾ ਅਤੇ ਉੱਚ ਗੁਣਵੱਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ | ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਖੋਜ ਦੇ ਖੇਤਰ 'ਚ ਉੱਚ ਮਿਆਰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਯੂਨੀਵਰਸਿਟੀ ਵਲੋਂ ਪੀ.ਐੱਚ.ਡੀ. ਪ੍ਰੋਗਰਾਮ ਅਧੀਨ ਅੰਗਰੇਜ਼ੀ, ਪੰਜਾਬੀ, ਕੰਪਿਊਟਰ, ਇਤਿਹਾਸ, ਸਮਾਜ-ਸ਼ਾਸਤਰ, ਅਰਥਸ਼ਾਸਤਰ, ਪ੍ਰਬੰਧਨ ਤੇ ਵਪਾਰ (ਮੈਨੇਜਮੈਂਟ ਐਂਡ ਕਾਮਰਸ) ਸਮੇਤ ਵੱਖ-ਵੱਖ ਵਿਸ਼ਿਆਂ 'ਚ ਦਾਖ਼ਲੇ ਕੀਤੇ ਜਾਣਗੇ | ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਅਧੀਨ ਸਥਾਪਿਤ ਸੈਂਟਰ ਫ਼ਾਰ ਜੈਂਡਰ ਐਂਡ ਕਲਚਰ ਸਟੱਡੀਜ਼ ਵਲੋਂ ਰਿਸਰਚ ਸਕਾਲਰਾਂ ਲਈ ਵਰਕਸ਼ਾਪਾਂ, ਸੈਮੀਨਾਰ, ਕਾਨਫ਼ਰੰਸਾਂ ਅਤੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਕਰਵਾਏ ਜਾਣਗੇ, ਜੋ ਉਨ੍ਹਾਂ ਦੇ ਗਿਆਨ 'ਚ ਵਾਧਾ ਕਰਨ ਅਤੇ ਖੋਜ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ 'ਚ ਸਹਾਇਕ ਸਾਬਤ ਹੋਣਗੇ | ਇਸ ਮੌਕੇ ਪ੍ਰੋ. ਬਲਜੀਤ ਸਿੰਘ ਖਹਿਰਾ, ਰਜਿਸਟਰਾਰ ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ ਡਾ. ਕੁਲਦੀਪ ਵਾਲੀਆ, ਡਾਇਰੈਕਟਰ ਸਮੇਤ ਯੂਨੀਵਰਸਿਟੀ ਦੀ ਫੈਕਲਟੀ ਹਾਜ਼ਰ ਸਨ |