15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਸਿਵਲ ਸਰਜਨ ਦੀ ਕੁਰਸੀ ਬਣੀ 'ਸੇਵਾਮੁਕਤ ਕਰਨ ਵਾਲੀ ਚੇਅਰ' <br/>

Ad Position 21
No active advertisement
ਅਜੀਤ ਡੈਸਕ 22-12-2025
ਮਨਦੀਪ ਸਿੰਘ ਖਰੌੜ
ਪਟਿਆਲਾ, 21 ਦਸੰਬਰ -ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਹਸਪਤਾਲਾਂ ਦੀਆਂ ਖ਼ਾਮੀਆਂ ਦੂਰ ਕਰਨੀਆਂ ਅਤੇ ਮਰੀਜ਼ਾਂ ਲਈ ਲੋੜੀਂਦੀਆਂ ਸਹੂਲਤਾਂ ਲਈ ਪ੍ਰਬੰਧ ਕਰਨ ਤੋਂ ਇਲਾਵਾ ਸਰਕਾਰਾਂ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਅਹਿਮ ਕੰਮ ਸਿਵਲ ਸਰਜਨ ਦੀ ਰਹਿਨੁਮਾਈ 'ਚ ਹੀ ਹੁੰਦੇ ਹਨ | ਪਰੰਤੂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਦਾਅਵਾ ਕਰ ਕੇ ਸੱਤਾ 'ਚ ਆਈ ਸੀ | ਇਸ ਦੇ ਬਾਵਜੂਦ ਸਿਹਤ ਮੰਤਰੀ ਦੇ ਜ਼ਿਲ੍ਹੇ 'ਚ ਪਿਛਲੇ 4 ਸਾਲਾ 'ਚ 10 ਸਿਵਲ ਸਰਜਨ ਬਦਲ ਚੁੱਕੇ ਹਨ | ਜ਼ਿਆਦਾਤਰ ਉਨ੍ਹਾਂ ਡਾਕਟਰਾਂ ਨੂੰ ਹੀ ਸਿਵਲ ਸਰਜਨ ਦੀ ਕੁਰਸੀ 'ਤੇ ਬਿਠਾਇਆ ਜਾਂਦਾ ਹੈ ਜਿਨ੍ਹਾਂ ਦਾ ਸਾਲ ਦੇ ਕਰੀਬ ਸਮਾਂ ਰਹਿੰਦਾ ਹੈ | ਇਸ ਦੇ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈ ਇਹ ਤਾਂ ਉਹ ਹੀ ਦਸ ਸਕਦੇ ਹਨ | ਏਨੀ ਛੇਤੀ ਸਿਵਲ ਸਰਜਨ ਦੇ ਬਦਲੇ ਜਾਣ ਕਾਰਨ ਜ਼ਿਲ੍ਹਾ ਵਾਸੀਆਂ ਨੂੰ ਡਿਸਪੈਂਸਰੀਆਂ, ਕਮਿਊਨਿਟੀ ਸੈਂਟਰਾਂ, ਸਿਵਲ ਹਸਪਤਾਲਾਂ 'ਚ ਉਸ ਪੱਧਰ ਦੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਜਿਹੜੀਆਂ ਕਿ ਇਕ ਰੈਗੂਲਰ ਸਿਵਲ ਸਰਜਨ ਦੀ ਮੌਜੂਦਗੀ 'ਚ ਮਿਲ ਸਕਦੀਆਂ ਹਨ | ਪੰਜਾਬ ਸਰਕਾਰ ਵਲੋਂ ਮੌਸਮੀ ਬਿਮਾਰੀਆਂ ਜਿਵੇਂ ਕਿ ਮਲੇਰੀਆ, ਚਿਕਨਗੁਨੀਆ, ਡੇਂਗੂ, ਟਾਈਫ਼ਾਈਡ, ਬੁਖ਼ਾਰ, ਖਾਂਸੀ, ਡਾਇਰੀਆ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਪਿੰਡ ਪੱਧਰ ਤੋਂ ਸ਼ਹਿਰ ਤੱਕ ਜਾਗਰੂਕ ਕਰਨ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ ਪਰ ਚੰਗੀ ਰਹਿਨੁਮਾਈ ਨਾ ਹੋਣ ਕਾਰਨ ਇਹ ਪ੍ਰੋਗਰਾਮ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਕਿਉਂਕਿ ਜਦੋਂ ਤਕ ਸਿਵਲ ਸਰਜਨ ਨੂੰ ਜ਼ਿਲ੍ਹੇ ਦੇ ਸਾਰੇ ਪ੍ਰੋਗਰਾਮਾਂ ਬਾਰੇ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਸੰਬੰਧੀ ਜਾਣਕਾਰੀ ਹਾਸਲ ਹੁੰਦੀ ਹੈ ਉਦੋਂ ਤਕ ਉਸ ਦਾ ਸੇਵਾਮੁਕਤ ਹੋਣ ਦਾ ਸਮਾਂ ਆ ਜਾਂਦਾ ਹੈ | ਇਸ ਤੋਂ ਬਾਅਦ ਜਦੋਂ ਨਵਾਂ ਸਿਵਲ ਸਰਜਨ ਆਉਂਦਾ ਹੈ ਉਸ ਨੂੰ ਵੀ ਅਜਿਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਖ਼ਮਿਆਜ਼ਾ ਸਿੱਧੇ ਤੌਰ 'ਤੇ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਪਟਿਆਲਾ ਦੇ ਸਿਵਲ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ, ਦਵਾਈਆਂ ਦੀ ਕਮੀ, ਟੈੱਸਟ ਕਰਵਾਉਣ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਜ਼ਿਲ੍ਹੇ ਦੇ ਲੋਕ ਰੋਜ਼ਾਨਾ ਡਿਸਪੈਂਸਰੀਆਂ ਤੇ ਸਿਵਲ ਹਸਪਤਾਲਾਂ 'ਚ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ | ਇਹ ਸਾਰੀਆਂ ਖ਼ਾਮੀਆਂ ਸਿਵਲ ਸਰਜਨ ਦੇ ਦਫ਼ਤਰ ਤੋਂ ਹੀ ਦੂਰ ਕਰਨ ਲਈ ਹੀ ਕਦਮ ਚੁੱਕੇ ਜਾਂਦੇ ਹਨ ਪਰ ਸਿਵਲ ਸਰਜਨ ਦੀ ਸੀਟ ਲਗਾਤਾਰ ਬਦਲਦੀ ਰਹਿਣ ਕਾਰਨ ਇਹ ਸਾਰਾ ਕੁੱਝ ਪਿਛਲੇ ਸਮੇਂ ਤੋਂ ਲਟਕਿਆ ਹੀ ਪਿਆ ਹੈ |
ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ-ਸਿਹਤ ਮੰਤਰੀ
ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਸਿਆ ਕਿ ਸੀਨੀਅਰ ਡਾਕਟਰ ਹੀ ਸਿਵਲ ਸਰਜਨ ਲਗਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਸਿਹਤ ਵਿਭਾਗ ਦੀਆਂ ਸਾਰੀਆਂ ਕਿਰਿਆਵਾਂ ਦੀ ਬਾਰੀਕੀ 'ਚ ਜਾਣਕਾਰੀ ਹੁੰਦੀ ਹੈ | ਜੇਕਰ ਲੋਕਾਂ ਨੂੰ ਸਿਵਲ ਸਰਜਨ ਨੂੰ ਬਦਲਣ ਕਾਰਨ ਸਮੱਸਿਆ ਆ ਰਹੀ ਹੈ ਤਾਂ ਇਸ ਸੰਬੰਧੀ ਗ਼ੌਰ ਕਰ ਕੇ ਕੋਈ ਪੱਕੇ ਤੌਰ 'ਤੇ ਸਿਵਲ ਸਰਜਨ ਲਗਾਇਆ ਜਾਵੇਗਾ ਅਤੇ ਡਿਸਪੈਂਸਰੀਆਂ ਅਤੇ ਸਿਵਲ ਹਸਪਤਾਲਾਂ 'ਚ ਖਾਲੀ ਪਈਆਂ ਅਸਾਮੀਆਂ ਨੂੰ ਵੀ ਭਰਨ ਦੀ ਪ੍ਰਕਿਰਿਆ ਚਲ ਰਹੀ ਹੈ |
ਚਹੇਤੇ ਡਾਕਟਰਾਂ ਨੂੰ ਹੀ ਲਗਾਇਆ ਜਾਂਦਾ ਹੈ ਸਿਵਲ ਸਰਜਨ
ਪਟਿਆਲਾ ਜ਼ਿਲ੍ਹੇ ਦੇ ਕਈ ਸੀਨੀਅਰ ਡਾਕਟਰਾਂ ਨੇ ਆਪਣੀ ਪਹਿਚਾਣ ਜ਼ਾਹਿਰ ਨਾ ਕਰਨ 'ਤੇ ਦਸਿਆ ਕਿ ਸਿਵਲ ਸਰਜਨ ਲਗਾਉਣ ਦੀ ਪ੍ਰਕਿਰਿਆ ਮੁਤਾਬਿਕ ਡਾਕਟਰਾਂ ਦੀ ਸੀਨੀਅਰਤਾ ਅਤੇ ਕੀਤੀ ਗਈ ਨੌਕਰੀ ਦੇ ਆਧਾਰ 'ਤੇ ਹੁੰਦੀ ਹੈ ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਪਾਸੇ ਰਖ ਕੇ ਰਾਜਸੀ ਪਹੁੰਚ ਰੱਖਣ ਵਾਲੇ ਡਾਕਟਰਾਂ ਨੂੰ ਹੀ ਸਿਵਲ ਸਰਜਨ ਲਗਾਇਆ ਜਾਂਦਾ ਹੈ ਜਦਕਿ ਯੋਗਤਾ ਦੇ ਆਧਾਰ 'ਤੇ ਸਿਵਲ ਸਰਜਨ ਲੱਗਣ ਦੇ ਯੋਗ ਡਾਕਟਰਾਂ ਨੂੰ ਅਕਸਰ ਹੀ ਅਣਗੌਲਿਆ ਕੀਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਸਰਕਾਰ ਨਗਰ ਕੀਰਤਨ 'ਚ ਖਲਲ ਪਾਉਣ ਵਾਲਿਆਂ ਖ਼ਿਲਾਫ਼ ਕਰੇ ਸਖ਼ਤ ਕਾਰਵਾਈ-ਧਾਲੀਵਾਲ <br/> ਅਗਲੀ ਖ਼ਬਰ ਪਟਿਆਲਾ-ਸਨੌਰ ਰੋਡ 'ਤੇ ਨਿੱਜੀ ਸਕੂਲ ਦੀ ਪਾਰਕਿੰਗ ਨਾ ਹੋਣ ਕਾਰਨ-ਸਥਾਨਕ ਲੋਕ ਦੁਖੀ <br/>
Ad Position 24