ਸਨੌਰ, 21 ਦਸੰਬਰ (ਸੋਖਲ)-ਪਟਿਆਲਾ-ਸਨੌਰ ਰੋਡ ਉੱਤੇ ਬੀਤੇ ਦਿਨ ਹੋਏ ਇੱਕ ਵੱਡੇ ਸਮਾਗਮ ਕਾਰਨ ਇਲਾਕੇ ਵਿਚ ਟ੍ਰੈਫਿਕ ਦੀ ਸਥਿਤੀ ਕਾਫੀ ਗੰਭੀਰ ਬਣ ਗਈ | ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਆਮਦ ਹੋਣ ਕਾਰਨ ਸੜਕ ਉੱਤੇ ਭੀੜ ਵਧ ਗਈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ | ਸਮਾਗਮ ਦੌਰਾਨ ਪਾਰਕਿੰਗ ਦੀ ਯੋਗ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੇ ਮਜਬੂਰੀ ਆਪਣੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਸੜਕ ਦੇ ਦੋਨੋਂ ਪਾਸਿਆਂ ਉੱਤੇ ਖੜੇ ਕਰ ਦਿੱਤੇ | ਇਸ ਕਾਰਨ ਪਟਿਆਲਾ-ਸਨੌਰ ਰੋਡ ਉੱਤੇ ਲੰਮੇ ਸਮੇਂ ਲਈ ਜਾਮ ਦੀ ਸਥਿਤੀ ਬਣੀ ਰਹੀ ਅਤੇ ਵਾਹਨਾਂ ਦੀ ਆਵਾਜਾਈ ਬਹੁਤ ਹੌਲੀ ਹੋ ਗਈ | ਸੜਕ ਦੇ ਦੋਨੋਂ ਪਾਸਿਆਂ ਵਾਹਨ ਖੜੇ ਹੋਣ ਨਾਲ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕ, ਦੂਰ ਦਰਾਜ਼ ਜਾਣ ਵਾਲੇ ਯਾਤਰੀ ਅਤੇ ਇਲਾਕੇ ਦੇ ਨਿਵਾਸੀ ਘੰਟਿਆਂ ਤੱਕ ਜਾਮ ਵਿਚ ਫਸੇ ਰਹੇ | ਕਈ ਮੌਕਿਆਂ 'ਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਅੱਗੇ ਵਧਣ ਵਿਚ ਮੁਸ਼ਕਲ ਆਈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਰਿਹਾ | ਰਾਹਗੀਰਾਂ ਅਤੇ ਸਥਾਨਕ ਵਸਨੀਕਾਂ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਜਦੋਂ ਵੀ ਵੱਡੇ ਪੱਧਰ 'ਤੇ ਸਮਾਗਮ ਕਰਵਾਏ ਜਾਣ, ਤਾਂ ਟ੍ਰੈਫਿਕ ਪ੍ਰਬੰਧਨ ਅਤੇ ਪਾਰਕਿੰਗ ਲਈ ਪਹਿਲਾਂ ਹੀ ਪੂਰੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਲਾਪਰਵਾਹੀ ਨਾਲ ਆਮ ਜਨਤਾ ਨੂੰ ਬਿਨਾਂ ਕਿਸੇ ਗਲਤੀ ਦੇ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਸਮਾਗਮਾਂ ਦੌਰਾਨ ਟ੍ਰੈਫਿਕ ਨਿਯੰਤਰਣ ਅਤੇ ਪਾਰਕਿੰਗ ਲਈ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਜਨਤਾ ਨੂੰ ਬੇਵਜ੍ਹਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਵਾਜਾਈ ਸੁਚੱਜੀ ਢੰਗ ਨਾਲ ਜਾਰੀ ਰਹੇ | ਜਿਕਰਯੋਗ ਹੈ ਕਿ ਚੰਡੀਗੜ੍ਹ-ਬਠਿੰਡਾ ਹਾਈਵੇ ਇਸ ਸਕੂਲ ਦੇ ਨੇੜੇ ਹੋਣ ਕਾਰਨ ਜੋੜਣ ਵਾਲੇ ਰਸਤੇ 'ਤੇ ਵੀ ਵਾਹਨ ਖੜੇ ਦਿਖਾਈ ਦਿੱਤੇ |