ਸਨੌਰ, 26 ਦਸੰਬਰ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਹਲਕਾ ਸਨੌਰ ਦੇ ਸੀਨੀਅਰ ਆਗੂ ਜਥੇਦਾਰ ਕਿ੍ਸ਼ਨ ਸਿੰਘ ਸਨੌਰ ਨੇ ਸਮੂਹ ਸਿੱਖ ਪ੍ਰਚਾਰਕਾਂ ਤੇ ਕਥਾਵਾਚਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਇਤਿਹਾਸ ਅਤੇ ਗੁਰਮਤਿ ਫ਼ਲਸਫ਼ੇ ਦਾ ਪ੍ਰਚਾਰ ਕਰਦਿਆਂ 'ਸੱਚ' 'ਤੇ ਪਹਿਰਾ ਦੇਣ ਅਤੇ ਸੰਗਤਾਂ ਨੂੰ ਵੈਰਾਗ ਦੀ ਬਜਾਏ ਗੁਰੂ ਸਾਹਿਬਾਨ ਦੁਆਰਾ ਬਖ਼ਸ਼ੀ 'ਚੜ੍ਹਦੀ ਕਲਾ' ਦੇ ਮਾਰਗ ਨਾਲ ਜੋੜਨ | ਇਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਜਥੇਦਾਰ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਕਿ ਸ਼ਹੀਦੀ ਹਫ਼ਤੇ ਦੌਰਾਨ ਜਿੱਥੇ ਸਮੁੱਚੀ ਕੌਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਨਮਸਕਾਰ ਕਰ ਰਹੀ ਹੈ, ਉੱਥੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਨਾਨਕ ਜੀ ਦੇ ਉਸ 'ਇੱਕ ਜੋਤ' ਦੇ ਫ਼ਲਸਫ਼ੇ ਦਾ ਪ੍ਰਚਾਰ ਕਰਨ, ਜਿਸ ਦੇ ਲੜ ਸਾਰੇ ਗੁਰੂ ਸਾਹਿਬਾਨ ਸਾਨੂੰ ਲਾ ਕੇ ਗਏ ਹਨ | ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਦੇਖਣ ਵਿਚ ਆਇਆ ਹੈ ਕਿ ਪ੍ਰਚਾਰਕ ਅਸਲ ਨਿਸ਼ਾਨੇ ਤੋਂ ਖੁੰਝ ਕੇ ਕੇਵਲ ਭਾਵੁਕ ਗੱਲਾਂ ਵੱਲ ਵੱਧ ਧਿਆਨ ਦੇ ਰਹੇ ਹਨ | ਜਥੇਦਾਰ ਸਨੌਰ ਨੇ ਅਖੀਰ ਵਿਚ ਕਿਹਾ ਕਿ ਸਿੱਖੀ ਇਕ ਅਮਲੀ ਜੀਵਨ ਹੈ, ਜਿੱਥੇ ਸ਼ਹਾਦਤ ਨੂੰ ਪਰਵਾਨ ਚੜ੍ਹਨਾ ਮੰਨਿਆ ਜਾਂਦਾ ਹੈ | ਇਸ ਲਈ ਪ੍ਰਚਾਰ ਦਾ ਮੁੱਖ ਕੇਂਦਰ ਬਿੰਦੂ ਕੌਮ ਨੂੰ ਆਤਮਿਕ ਤੌਰ 'ਤੇ ਮਜ਼ਬੂਤ ਕਰਨਾ ਅਤੇ ਗੁਰੂ ਸਾਹਿਬ ਦੇ ਸੱਚੇ ਮਾਰਗ ਦਾ ਪਾਂਧੀ ਬਣਾਉਣਾ ਹੋਣਾ ਚਾਹੀਦਾ ਹੈ |