ਰਾਜਪੁਰਾ, 27 ਦਸੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ 'ਚ ਧਮੋਲੀ ਰੋਡ 'ਤੇ ਪਏ ਟੋਇਆਂ ਨੂੰ ਮਿੱਟੀ ਘੱਟਾ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ | ਇਹ ਮਿੱਟੀ ਵੀ ਪਤਾ ਲੱਗਾ ਹੈ ਕਿ ਹਰ ਰੋਜ਼ ਲੰਘਣ ਵਾਲੇ ਲੋਕਾਂ ਨੇ ਹੀ ਪਾਇਆ ਹੈ | ਜਾਣਕਾਰੀ ਮੁਤਾਬਿਕ ਸ਼ਹਿਰ 'ਚ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ | ਸੜਕਾਂ 'ਤੇ ਪਏ ਟੋਇਆ ਨੂੰ ਪੱਕੇ ਤੌਰ 'ਤੇ ਪੈਚ ਲਾ ਕੇ ਠੀਕ ਕਰਨ ਦੀ ਬਜਾਏ ਮਿੱਟੀ ਘੱਟਾ ਪਾ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ | ਇਹ ਲੋਕਾਂ ਲਈ ਕਈ ਤਰ੍ਹਾਂ ਦੀ ਸਿਰਦਰਦੀ ਬਣਦੀ ਹੈ | ਇਨ੍ਹਾਂ ਟੋਇਆਂ 'ਚ ਮਿੱਟੀ ਹੋਣ ਕਾਰਨ ਜਦੋਂ ਮਾੜਾ ਜਿਹਾ ਮੀਹ ਪੈਂਦਾ ਹੈ ਤਾਂ ਟੋਇਆ 'ਚ ਪਈ ਹੋਈ ਮਿੱਟੀ ਨਿਕਲ ਜਾਂਦੀ ਹੈ ਅਤੇ ਦੋ ਪਈਆ ਵਾਹਨ ਚਾਲਕ ਡਿਗ ਕੇ ਸੱਟਾ ਖਾ ਬੈਠਦੇ ਹਨ | ਇਸ ਦੇ ਨਾਲ ਹੀ ਟੋਇਆ 'ਚ ਪਈ ਹੋਈ ਸਾਰਾ ਦਿਨ ਵਾਹਨਾਂ ਦੇ ਲੰਘਣ ਕਾਰਨ ਧੂੜ ਬਣ ਕੇ ਉੱਡਦੀ ਰਹਿੰਦੀ ਹੈ ਅਤੇ ਰਾਹਗੀਰਾਂ ਦੀਆਂ ਅੱਖਾਂ 'ਚ ਪੈਂਦੀ ਰਹਿੰਦੀ ਹੈ | ਇਨ੍ਹਾਂ ਟੋਇਆ ਤੋਂ ਬਚਾਅ ਖ਼ਾਤਰ ਵਾਹਨ ਚਾਲਕ ਜਾਂ ਤਾਂ ਵਾਹਨ ਬਿੱਲ ਕੁੱਲ ਹੋਲੀ ਚਲਾਉਂਦੇ ਹਨ, ਜਿਸ ਕਾਰਨ ਹਰ ਪਾਸੇ ਜਾਮ ਜਿਹੀ ਹਾਲਤ ਬਣੀ ਰਹਿੰਦੀ ਹੈ ਤੇ ਜਾਂ ਫਿਰ ਗਲਤ ਪਾਸੇ ਨੂੰ ਚਲਾ ਕੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ | ਇਸ ਸੰਬੰਧੀ ਨੇੜਲੇ ਕਈ ਦੁਕਾਨਦਾਰਾਂ ਤੇ ਆਮ ਰਾਹਗੀਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ | ਇਸ ਦੇ ਨਾਲ ਹੀ ਲੋਕਾਂ ਦੀ ਸ਼ਿਕਾਇਤ ਹੈ ਕਿ ਜਿਨ੍ਹਾਂ ਸੜਕਾਂ ਤੇ ਸੀਵਰੇਜ ਦੇ ਪਾਈਪ ਤੇ ਜਾਂ ਫਿਰ ਪਾਣੀ ਦੇ ਪਾਈਪ ਪਾ ਕੇ ਸੜਕ ਪੁੱਟ ਦਿੱਤੀ ਹੈ | ਉਸ ਸੜਕ 'ਤੇ ਪੈਚ ਲਾਉਣ ਦਾ ਕਿਸੇ ਨੂੰ ਸ਼ਾਇਦ ਚੇਤਾ ਨਹੀਂ ਰਹਿੰਦਾ | ਕੁੱਲ ਮਿਲਾ ਦੇ ਪ੍ਰਸ਼ਾਸਨ ਨੂੰ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕਰਨਾ ਚਾਹੀਦਾ ਹੈ |