ਪਟਿਆਲਾ, 27 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਦੇਸ਼ ਦੇ ਰੱਖਿਆ ਵੈਟਰਨ ਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਨਾਭਾ ਵਿਖੇ ਰਕਸ਼ਾ ਪੈਨਸ਼ਨ ਸਮਾਧਾਨ ਪ੍ਰੋਗਰਾਮ ਕਰਵਾਇਆ | ਇਹ ਪ੍ਰੋਗਰਾਮ ਏਅਰਾਵਤ ਡਿਵੀਜ਼ਨ ਵਲੋਂ ਲਗਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਭਾਰਤੀ ਫ਼ੌਜ ਦੇ ਸਾਬਕਾ ਤੇ ਯੋਗ ਪਰਿਵਾਰਕ ਪੈਨਸ਼ਨਰਾਂ ਦੀਆਂ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਸੀ | ਇਸ ਮੌਕੇ ਨਾਭਾ ਤੇ ਨੇੜੇ ਤੇੜੇ ਦੇ ਖੇਤਰਾਂ ਤੋਂ ਵੱਡੀ ਗਿਣਤੀ 'ਚ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵਿਧਵਾਵਾਂ ਅਤੇ ਆਸ਼ਰਿਤਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਰੱਖਿਆ ਪੈਨਸ਼ਨ ਪ੍ਰਸ਼ਾਸਨ ਨਾਲ ਜੁੜੀਆਂ ਸਾਰੀਆਂ ਮੁੱਖ ਏਜੰਸੀਆਂ ਦੇ ਪ੍ਰਤੀਨਿਧੀ ਮੌਜੂਦ ਸਨ, ਤਾਂ ਜੋ ਪੈਨਸ਼ਨ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ | ਇਨ੍ਹਾਂ 'ਚ ਪਿ੍ੰਸੀਪਲ ਕੰਟਰੋਲਰ ਆਫ਼ ਡਿਫੈਂਸ ਅਕਾਊਾਟਸ (ਪੈਨਸ਼ਨ), ਪੈਨਸ਼ਨ ਵੰਡਣ ਵਾਲੇ ਬੈਂਕਾਂ, ਫ਼ੌਜੀ ਰਿਕਾਰਡ ਦਫ਼ਤਰਾਂ ਤੇ ਵੈਟਰਨ ਵੈੱਲਫੇਅਰ ਸੇਵਾ ਕੇਂਦਰ ਦੇ ਪ੍ਰਤੀਨਿਧੀ ਸ਼ਾਮਿਲ ਸਨ | ਪੈਨਸ਼ਨਰਾਂ ਵਲੋਂ ਦੱਸੀਆਂ ਸ਼ਿਕਾਇਤਾਂ ਨੂੰ ਜਾਂਚ ਕੇ ਤੇ ਉਨ੍ਹਾਂ ਨੂੰ ਨਿਪਟਾਰੇ ਲਈ ਲੋੜੀਂਦੇ ਕਦਮ ਚੁੱਕੇ ਗਏ | ਇਸ ਮੌਕੇ ਵੀਰ ਨਾਰੀਆਂ ਤੇ ਵਿਧਵਾਵਾਂ ਦੀਆਂ ਸਮੱਸਿਆਵਾਂ ਨੂੰ ਸੰਵੇਦਨਸ਼ੀਲਤਾ ਨਾਲ ਹੱਲ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ | ਉਨ੍ਹਾਂ ਦੀ ਸਹਾਇਤਾ ਲਈ ਵੱਖਰੇ ਹੈਲਪ ਡੈਸਕ ਸਥਾਪਿਤ ਕੀਤੇ ਗਏ, ਜਿਥੇ ਪਰਿਵਾਰਕ ਪੈਨਸ਼ਨ, ਵਧੀਕ ਪਰਿਵਾਰਕ ਪੈਨਸ਼ਨ, ਦੋਹਰੀ ਪਰਿਵਾਰਕ ਪੈਨਸ਼ਨ ਤੇ ਦਸਤਾਵੇਜ਼ੀ ਕਾਰਵਾਈ ਬਾਰੇ ਮਦਦ ਦਿੱਤੀ ਗਈ | ਡਿਜੀਟਲ ਪਲੇਟਫ਼ਾਰਮਾਂ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਪੈਨਸ਼ਨਰਾਂ ਨੂੰ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀ, ਡਿਜੀਟਲ ਲਾਈਫ਼ ਸਰਟੀਫਿਕੇਟ ਤੇ ਹੋਰ ਪੋਰਟਲਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਹੋਇਆ ਅਤੇ ਬਾਕੀ ਮਾਮਲਿਆਂ ਨੂੰ ਸਮਾਂਬੱਧ ਕਾਰਵਾਈ ਲਈ ਅੱਗੇ ਵਧਾਇਆ ਗਿਆ |