ਸਰਵਿਸ ਰੋਡ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਸੰਘਰਸ਼ ਕਰਨ ਦਾ ਕੀਤਾ ਐਲਾਨ
ਅਜੀਤ ਡੈਸਕ
29-12-2025
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਅਵਤਾਰ ਸਿੰਘ ਮਨੌਲੀ ਸੂਰਤ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਰਾਜੋਮਾਜਰਾ, ਮਨਜੀਤ ਸਿੰਘ, ਲਾਲਾ ਬੁੱਢਣਪੁਰ, ਰਾਮ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਐੱਨ.ਐੱਚ.ਆਈ. 'ਤੇ ਸੜਕ ਬਣਾ ਰਹੀ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੜਕ ਦੇ ਨਾਲ ਸਰਵਿਸ ਰੋਡ, ਪਾਣੀ ਦੇ ਢੁਕਵੇਂ ਨਿਕਾਸ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ, ਪਰ ਉਨ੍ਹਾਂ ਨੇ ਵਾਅਦੇ ਅਨੁਸਾਰ ਨਾ ਜ਼ਮੀਨਾਂ ਲਈ ਰਸਤੇ ਛੱਡੇ ਹਨ ਅਤੇ ਨਾ ਹੀ ਪਾਣੀ ਦੇ ਢੁਕਵੇਂ ਨਿਕਾਸ ਕੀਤੇ ਹਨ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ਪਿੰਡਾਂ ਰਾਜੋਮਾਜਰਾ, ਮਨੌਲੀ ਸੂਰਤ, ਬੁੱਢਣਪੁਰ, ਛੜਬੜ, ਬਾਸਮਾਂ ਪਿੰਡਾਂ 'ਚ ਕੀਤੀਆਂ ਬੈਠਕਾਂ ਵਿਚ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਸੜਕ ਬਣਨ ਨਾਲ ਉਨ੍ਹਾਂ ਦੀ ਜ਼ਮੀਨਾਂ ਵੰਡੀਆਂ ਗਈਆ ਹਨ ਅਤੇ ਰਸਤੇ ਬੰਦ ਹੋ ਗਏ ਹਨ | ਪਿੰਡ ਬੁੱਢਣਪੁਰ ਤੇ ਝੱਜੋ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਨੇ ਪਾਣੀ ਦੇ ਨਿਕਾਸ ਲਈ ਪਿੰਡਾਂ ਦੇ ਹੇਠਲੇ ਪਾਸੇ ਸੜਕ ਨੂੰ 60 ਮੀਟਰ ਪਿੱਲਰ 'ਤੇ ਬਣਾਉਣ ਦਾ ਭਰੋਸਾ ਦਿੱਤਾ ਸੀ, ਪਰ ਸੜਕ ਬਣਾ ਰਹੀ ਕੰਪਨੀ ਨੇ ਉਸ ਨੂੰ ਵੀ ਵਿਸਾਰ ਦਿੱਤਾ ਹੈ | ਰਸਤੇ, ਪਾਣੀ ਦੇ ਨਿਕਾਸ ਤੋਂ ਇਲਾਵਾ ਰੁਕੇ ਹੋਏ ਮੁਆਵਜ਼ੇ, ਟਿਊਬਵੈੱਲਾਂ ਆਦਿ ਦੇ ਮੁਆਵਜ਼ੇ ਵੀ ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ ਅਤੇ ਕਿਸਾਨ ਸੰਘਰਸ਼ ਕਰਨ ਦੇ ਰੋਹ ਵਿਚ ਹਨ ਅਤੇ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ | ਇਸ ਮੌਕੇ ਦੀਦਾਰ ਸਿੰਘ, ਸਰਪੰਚ ਕਰਨੈਲ ਸਿੰਘ ਝੱਜੋ, ਬਲਬੀਰ ਸਿੰਘ, ਚਰਨ ਸਿੰਘ, ਕੁਲਵਿੰਦਰ ਸ਼ਰਮਾ ਆਦਿ ਵੀ ਹਾਜ਼ਰ ਸਨ |