ਪਟਿਆਲਾ, 28 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਚੱਲੇ ਜੋੜ ਮੇਲ 'ਚ ਲੱਖਾਂ ਦੀ ਤਾਦਾਦ 'ਚ ਸੰਗਤਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਲਗਪਗ ਪਿਛਲੇ ਇਕ ਹਫ਼ਤੇ ਤੋਂ ਸਾਰੀਆਂ ਹੀ ਸੜਕਾਂ 'ਤੇ ਪੀਲੀਆਂ, ਨੀਲੀਆਂ ਤੇ ਕੇਸਰੀਆ ਝੰਡੀਆਂ ਨਾਲ ਸਜੇ ਵਾਹਨਾਂ 'ਤੇ ਵੱਡੀ ਗਿਣਤੀ ਸੰਗਤਾਂ ਵਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜਾਇਆ ਜਾ ਰਿਹਾ ਸੀ, ਉੱਥੇ ਹੀ ਸ਼ਰਧਾਲੂਆਂ ਲਈ ਲਗਪਗ ਹਰ ਪਿੰਡ, ਸ਼ਹਿਰ ਵਲੋਂ ਰਸਤਿਆਂ ਵਿਚ ਟਰੈਕਟਰਾਂ, ਟਰਾਲੀਆਂ 'ਤੇ ਜਾਂਦੀ ਸੰਗਤ ਲਈ ਲੰਗਰ ਚਲ ਰਹੇ ਸਨ | ਕੱਲ੍ਹ ਜੋੜ ਮੇਲ ਦੇ ਆਖ਼ਰੀ ਦਿਨ ਤੋਂ ਬਾਅਦ ਵੱਡੀ ਗਿਣਤੀ ਸੰਗਤ ਵਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਉਪਰੰਤ ਘਰਾਂ ਨੂੰ ਚਾਲੇ ਪਾਏ ਗਏ ਉੱਥੇ ਹੀ ਵੱਖ-ਵੱਖ ਵਾਹਨਾਂ 'ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ | ਸਿੱਖੀ ਦਾ ਜਲੌ ਜਿੱਥੇ ਸਿੱਖ ਪੰਥ ਦੇ ਇਤਿਹਾਸ ਨੂੰ ਬਿਆਨ ਕਰਦਾ ਨਜ਼ਰ ਆ ਰਿਹਾ ਸੀ ਉੱਥੇ ਹੀ ਨੌਜਵਾਨਾਂ ਵਲੋਂ ਹੁੰਮ-ਹੁੰਮਾ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵੱਡੀ ਗਿਣਤੀ ਸੰਗਤਾਂ ਨੂੰ ਲੈ ਕੇ ਪਹੁੰਚਣਾ ਵੀ ਕਾਬਲੇ ਤਾਰੀਫ਼ ਰਿਹਾ | ਸ਼ਹੀਦਾਂ ਦੀ ਧਰਤੀ ਵੱਲ ਨੂੰ ਜਾਣ ਵਾਲੇ ਲਗਪਗ ਹਰ ਨੌਜਵਾਨ ਸਿਰ ਕੇਸਰੀ ਤੇ ਨੀਲੀਆਂ ਦਸਤਾਰਾਂ ਸਜੀਆਂ ਹੋਈਆਂ ਸਨ ਅਤੇ ਉੱਥੇ ਹੀ ਉਨ੍ਹਾਂ ਵਲੋਂ ਆਪਣੇ ਟਰੈਕਟਰਾਂ 'ਤੇ ਜੈਕਾਰੇ ਛੱਡ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਸੀ | ਲੰਘੇ ਸਮੇਂ ਸੂਬੇ 'ਚ ਹੜ੍ਹਾਂ ਤੋਂ ਬਾਅਦ ਜਿੱਥੇ ਨੌਜਵਾਨਾਂ ਨੇ ਹੀ ਆਪਣੇ ਟਰੈਕਟਰਾਂ, ਟਰਾਲੀਆਂ ਦੀ ਮਦਦ ਨਾਲ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਸੀ ਉਸੇ ਤਰ੍ਹਾਂ ਉਨ੍ਹਾਂ ਵਲੋਂ ਅਦੁੱਤੀ ਸ਼ਹਾਦਤ ਦੇ ਇਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਸੂਬੇ ਦੇ ਹਰ ਹਿੱਸੇ 'ਚੋਂ ਪਹੁੰਚ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ |