ਸਮਾਣਾ, 28 ਦਸੰਬਰ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਨਸ਼ਿਆਂ 'ਚ ਬਦਨਾਮ ਪਿੰਡ ਮੁਰਾਦਪੁਰਾ ਦੇ ਲੋਕਾਂ ਨੂੰ ਨਸ਼ਿਆਂ ਤੋਂ ਤੌਬਾ ਕਰਨ ਲਈ ਕਿਹਾ ਹੈ | ਸ. ਜੌੜਾਮਾਜਰਾ ਥਾਣਾ ਸ਼ਹਿਰੀ ਸਮਾਣਾ ਦੇ ਮੁਖੀ ਬਲਜੀਤ ਸਿੰਘ ਤੇ ਥਾਣਾ ਸਦਰ ਦੇ ਮੁਖੀ ਅਜੇ ਕੁਮਾਰ ਪਰੋਚਾ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਦਾਨੀਪੁਰ, ਸੰਜੇ ਮੰਤਰੀ ਮੈਂਬਰ ਨਗਰ ਕੌਂਸਲ ਅਤੇ ਪਾਰਸ ਸ਼ਰਮਾ ਨਾਲ ਪਿੰਡ ਮੁਰਾਦਪੁਰਾ ਪਹੁੰਚੇ ਤੇ ਲੋਕਾਂ ਨਾਲ ਨਸ਼ਿਆਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ | ਉਨ੍ਹਾਂ ਨਾਲ ਸਹਾਇਕ ਥਾਣੇਦਾਰ ਪੂਰਨ ਸਿੰਘ ਤੇ ਦਰਬਾਰਾ ਸਿੰਘ ਵੀ ਸਨ | ਸ. ਜੌੜਾਮਾਜਰਾ ਨੇ ਆਖਿਆ ਕਿ ਨਸ਼ਿਆਂ ਕਾਰਨ ਪਿੰਡ ਲੰਮੇ ਸਮੇਂ ਤੋਂ ਬਦਨਾਮੀ ਝੱਲ ਰਿਹਾ ਹੈ, ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਕੋਈ ਕੰਮ ਦੇਣ ਨੂੰ ਤਿਆਰ ਨਹੀਂ ਹੁੰਦਾ | ਉਨ੍ਹਾਂ ਚਿਤਾਵਨੀ ਦਿੱਤੀ ਕਿ ਨਸ਼ੇ ਦਾ ਵਪਾਰ ਕਰਨ ਵਾਲੇ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ, ਪਰ ਨਸ਼ੇ ਛੱਡ ਕੇ ਮੁੱਖਧਾਰਾ ਵਿਚ ਆਉਣ ਵਾਲੇ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਖੁੱਲੇ੍ਹ ਤੌਰ 'ਤੇ ਪੇਸ਼ਕਸ਼ ਕੀਤੀ ਕਿ ਉਹ ਨਸ਼ੇ ਛੱਡ ਕੇ ਆਉਣ, ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ | ਕੁੱਝ ਲੋਕਾਂ ਨੇ ਸ. ਜੌੜਾਮਾਜਰਾ ਨੂੰ ਦੱਸਿਆ ਕਿ ਉਹ ਨਸ਼ੇ ਛੱਡ ਚੁੱਕੇ ਹਨ ਪਰ ਪੁਲਿਸ ਫਿਰ ਵੀ ਤੰਗ ਕਰਦੀ ਹੈ | ਇਸ 'ਤੇ ਜੌੜਾਮਾਜਰਾ ਨੇ ਪਿੰਡ ਦੇ ਸਰਪੰਚ ਲਛਮਣ ਸਿੰਘ ਨੂੰ ਆਖਿਆ ਕਿ ਅਜਿਹੇ ਲੋਕਾਂ ਦੇ ਪੰਚਾਇਤ ਮਤੇ ਪਾ ਕੇ ਪੁਲਿਸ ਕੋਲ ਪਹੁੰਚਦੇ ਕੀਤੇ ਜਾਣ ਤੇ ਉਨ੍ਹਾਂ ਦੀ ਪੰਚਾਇਤ ਪੂਰੀ ਜ਼ਿੰਮੇਵਾਰੀ ਲਵੇ | ਇਕੱਠੇ ਹੋਏ ਲੋਕਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਨਸ਼ਿਆਂ ਤੋਂ ਤੌਬਾ ਕਰਨ ਦਾ ਵਿਸ਼ਵਾਸ ਦਿਵਾਇਆ | ਪੜ੍ਹਾਈ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ, ਬਸਤੇ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਦਾ ਸ. ਜੌੜਾਮਾਜਰਾ ਨੇ ਭਰੋਸਾ ਦਿੱਤਾ | ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਹ ਨਸ਼ਾ ਵੇਚਣਗੇ ਤਾਂ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜੇਗਾ |