ਰਾਜਪੁਰਾ, 28 ਦਸੰਬਰ (ਰਣਜੀਤ ਸਿੰਘ)-ਹਰ ਕਿਸਾਨ ਨੰੂ ਆਪਣੇ ਖੇਤਾਂ ਵਿਚ ਬਰਸਾਤੀ ਪਾਣੀ ਨੂੰ ਸਟੋਰ ਕਰਨ ਤੇ ਉਸ ਨੂੰ ਸਾਰਾ ਸਾਲ ਖੇਤੀ ਲਈ ਵਰਤਣ ਖ਼ਾਤਰ ਟੈਂਕ (ਪੌਂਡ) ਬਣਾਉਣੇ ਚਾਹੀਦੇ ਹਨ ਇਸ ਨਾਲ ਜਿੱਥੇ ਬਰਸਾਤਾਂ ਦਾ ਪਾਣੀ ਖੇਤੀ ਲਈ ਕੰਮ ਆਵੇਗਾ ਉੱਥੇ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਹੇਠ ਜਾਣ ਤੋਂ ਬਚ ਜਾਵੇਗਾ | ਪੰਜਾਬ ਦਿਨੋਂ-ਦਿਨ ਰੇਗਿਸਤਾਨ ਵੱਲ ਨੂੰ ਵਧਣ ਤੋਂ ਵੀ ਬਚ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਬਹਾਵਲਪੁਰ ਨੇ 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ | ਉਨ੍ਹਾਂ ਨੇ ਕਿਹਾ ਕਿ ਹਰ ਕਿਸਾਨ ਨੂੰ ਬਰਸਾਤੀ ਪਾਣੀ ਸਟੋਰ ਕਰਕੇ ਰੱਖਣ ਲਈ ਆਪਣੀ ਖੇਤੀਯੋਗ ਜ਼ਮੀਨ ਦੇ ਮੁਤਾਬਿਕ ਖੇਤਾਂ ਵਿਚ ਟੈਂਕ ਬਣਾਉਣੇ ਚਾਹੀਦੇ ਹਨ | ਇਸ ਟੈਂਕ ਵਿਚ ਬਰਸਾਤ ਦਾ ਫ਼ਾਲਤੂ ਪਾਣੀ ਸਟੋਰ ਕੀਤਾ ਜਾ ਸਕਦਾ ਹੈ ਅਤੇ ਮੁੜ ਕੇ ਸਾਰਾ ਸਾਲ ਖੇਤੀ ਲਈ ਵਰਤਿਆ ਜਾ ਸਕਦਾ ਹੈ | ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਦਸ ਏਕੜ ਖੇਤੀ ਵਾਲੀ ਜ਼ਮੀਨ ਹੈ ਅਤੇ ਉਸ ਨੇ ਕਰੀਬ ਅੱਧੇ ਏਕੜ ਵਿਚ ਪਾਣੀ ਸਟੋਰ ਕਰਨ ਲਈ ਟੈਂਕ ਬਣਾਇਆ ਹੋਇਆ ਹੈ | ਇਸ ਟੈਂਕ ਵਿਚੋਂ ਹੀ ਸਾਰਾ ਸਾਲ ਖੇਤੀ ਲਈ ਪਾਣੀ ਦੀ ਵਰਤੋਂ ਕਰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਉਹ ਸਾਲ ਵਿਚ ਕਰੀਬ ਵੀਹ ਪ੍ਰਤੀਸ਼ਤ ਪਾਣੀ ਹੀ ਧਰਤੀ ਵਿਚੋਂ ਕੱਢਦਾ ਹੈ ਪਰ ਅੱਸੀ ਪ੍ਰਤੀਸ਼ਤ ਦੇ ਕਰੀਬ ਟੈਂਕ ਵਿਚੋਂ ਹੀ ਵਰਤਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਾਣੀ ਰੀਚਾਰਜ ਵੀ ਹੁੰਦਾ ਹੈ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਦਾ ਬਹੁਤ ਹੀ ਵਧੀਆ ਢੰਗ ਹੈ | ਉਨ੍ਹਾਂ ਨੇ ਹੋਰ ਕਿਹਾ ਕਿ ਸਰਕਾਰਾਂ ਨੰੂ ਵੀ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ | ਸਰਕਾਰ ਕਿਸਾਨਾਂ ਨੂੰ ਸੋਲਰ ਸਿਸਟਮ ਲਗਵਾ ਕੇ ਦੇਵੇ ਜਿਸ ਨਾਲ ਉਹ ਮੋਟਰ ਲਾ ਕੇ ਟੈਂਕ ਵਿਚੋਂ ਪਾਣੀ ਕੱਢ ਸਕਣ | ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਹਾਲ ਦੀ ਘੜੀ ਇਸ ਵੱਲ ਅੱਖਾਂ 'ਤੇ ਪੱਟੀ ਬੰਨ੍ਹੀ ਬੈਠੀਆਂ ਹਨ ਪਰ ਸਮੇਂ ਦੀ ਲੋੜ ਮੁਤਾਬਿਕ ਸਰਕਾਰਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ |