ਪਟਿਆਲਾ, 28 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ 1998 ਬੈਚ ਦੇ ਸਾਬਕਾ ਭਾਰਤੀ ਸੂਚਨਾ ਸੇਵਾ (ਆਈ.ਆਈ.ਐੱਸ.) ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੂੰ ਡਾਇਰੈਕਟਰ ਲੋਕ ਸੰਪਰਕ ਦੇ ਅਹੁਦੇ ਉੱਤੇ ਤਾਇਨਾਤ ਕੀਤਾ ਗਿਆ ਹੈ | ਡਾ. ਖੋਖਰ ਵਲੋਂ ਅਹੁਦਾ ਸੰਭਾਲਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਉਚੇਚੇ ਤੌਰ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਡਾ. ਹਰਮਿੰਦਰ ਸਿੰਘ ਖੋਖਰ ਨੂੰ 32 ਸਾਲਾਂ ਦਾ ਪੱਤਰਕਾਰੀ ਅਤੇ ਜਨ-ਸੰਚਾਰ ਦੇ ਖੇਤਰ ਦਾ ਲੰਬਾ ਤਜਰਬਾ ਹੈ | ਅਹੁਦਾ ਸੰਭਾਲਣ ਮੌਕੇ ਉਨ੍ਹਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਮੀਦ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਨੂੰ ਡਾ. ਖੋਖਰ ਦੇ ਲੰਬੇ ਅਨੁਭਵ ਅਤੇ ਸਮਰਥਾ ਦਾ ਨਿਸ਼ਚੇ ਹੀ ਲਾਭ ਪ੍ਰਾਪਤ ਹੋਵੇਗਾ | ਉਨ੍ਹਾਂ ਕਿਹਾ ਕਿ ਅਦਾਰਿਆਂ ਨੂੰ ਤਰੱਕੀ ਕਰਨ ਲਈ ਸਮਰੱਥ ਅਤੇ ਤਜਰਬੇਕਾਰ ਅਧਿਕਾਰੀਆਂ ਦੀ ਅਗਵਾਈ ਦੀ ਹਮੇਸ਼ਾ ਹੀ ਲੋੜ ਹੁੰਦੀ ਹੈ | ਇਸ ਲਈ ਅਹਿਮ ਅਹੁਦਿਆਂ ਉੱਤੇ ਯੋਗ ਅਧਿਕਾਰੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ |