ਸਮਾਣਾ, 28 ਦਸੰਬਰ (ਸਾਹਿਬ ਸਿੰਘ)-ਸਾਬਕਾ ਫ਼ੌਜੀ ਅਫ਼ਸਰ ਗੁਰਪ੍ਰੀਤ ਕੌਰ ਪਤਨੀ ਸਾਬਕਾ ਲੈਫ਼ਟੀਨੈਂਟ ਕਮਾਂਡਰ ਗਗਨਦੀਪ ਸਿੰਘ ਦੇ ਪੀ. ਸੀ. ਐੱਸ. ਅਫ਼ਸਰ ਬਣਨ 'ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਗੁਰਦੁਆਰਾ ਗੁਰੂ ਰਵਿਦਾਸ ਸਮਾਣਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਦਾ ਵਿਆਹ 2015 ਵਿਚ ਸਮਾਣਾ ਦੇ ਸਾਬਕਾ ਪੀ.ਆਰ.ਟੀ.ਸੀ. ਇੰਸਪੈਕਟਰ ਗੁਰਸੇਵਕ ਸਿੰਘ ਦੇ ਲੜਕੇ ਗਗਨਦੀਪ ਸਿੰਘ ਨਾਲ ਹੋਇਆ ਸੀ | ਦੋਵੇਂ ਪਤੀ-ਪਤਨੀ ਸਾਬਕਾ ਫ਼ੌਜੀ ਅਫ਼ਸਰ ਹਨ | ਗੁਰਪ੍ਰੀਤ ਕੌਰ ਨੇ ਵਿਆਹੀ ਹੋਣ ਦੇ ਬਾਵਜੂਦ ਸਖ਼ਤ ਮਿਹਨਤ ਕਰਕੇ ਪੀ. ਸੀ. ਐੱਸ. ਦਾ ਅਹੁਦਾ ਹਾਸਲ ਕੀਤਾ ਹੈ | ਵਿਧਾਇਕ ਜੌੜਾਮਾਜਰਾ ਨੇ ਗੁਰਪ੍ਰੀਤ ਕੌਰ ਦੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਾਬਲ ਅਤੇ ਮਿਹਨਤੀ ਬੱਚਿਆਂ ਦੇ ਸਿਰ 'ਤੇ ਦੇਸ਼ ਦਾ ਭਵਿੱਖ ਹੈ | ਉਨ੍ਹਾਂ ਆਖਿਆ ਕਿ ਘਰ ਦੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੱਡਾ ਸਿਵਲ ਅਹੁਦਾ ਹਾਸਲ ਕਰਨਾ ਸਮਾਣਾ ਵਾਸੀਆਂ ਦੇ ਮਾਣ ਵਾਲੀ ਗੱਲ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬੁਰੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਮਿਹਨਤ ਅਤੇ ਲਗਨ ਨਾਲ ਵੱਡੇ ਅਹੁਦੇ ਹਾਸਲ ਕਰਨ ਦੇ ਯੋਗ ਹੋਣ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਰਾਜ ਸਿੰਘ ਨੇ ਆਖਿਆ ਕਿ ਗੁਰਸੇਵਕ ਸਿੰਘ ਦਾ ਪੂਰਾ ਪਰਿਵਾਰ ਗੁਰੂ ਘਰ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ | ਉਨ੍ਹਾਂ ਸਮਾਜ ਭਲਾਈ ਦੇ ਕੰਮਾਂ ਤੋਂ ਕਦੇ ਪਾਸਾ ਨਹੀਂ ਵੱਟਿਆ |