ਬਨੂੜ, 30 ਦਸੰਬਰ (ਭੁਪਿੰਦਰ ਸਿੰਘ)-ਗ੍ਰੀਨ ਫ਼ੀਲਡ ਐਕਸਪ੍ਰੈੱਸ ਹਾਈਵੇਅ ਲਈ ਐਕਵਾਇਰ ਕੀਤੀ ਜ਼ਮੀਨਾਂ 'ਤੇ ਉਸਾਰੀ ਗਈ ਸੜਕ ਨਾਲ ਜ਼ਮੀਨਾਂ ਨੂੰ ਲੱਗਦੇ ਰਸਤੇ ਬੰਦ ਹੋਣ ਕਾਰਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 7 ਜਨਵਰੀ ਦਾ ਅਲਟੀਮੇਟਮ ਦੇ ਕੇ ਸਮੱਸਿਆਵਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ 8 ਜਨਵਰੀ ਨੂੰ ਸੜਕ ਦਾ ਮੁਕੰਮਲ ਤੌਰ 'ਤੇ ਕੰਮ ਬੰਦ ਕਰਾਉਣ ਦਾ ਐਲਾਨ ਕੀਤਾ ਹੈ | ਪਿੰਡ ਮਨੌਲੀ ਸੂਰਤ ਵਿਖੇ ਸੜਕ ਨਾਲ ਸੰਬੰਧਿਤ ਡੇਰਾਬੱਸੀ ਅਤੇ ਬਨੂੜ ਤਹਿਸੀਲ ਦੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਇਹ ਐਲਾਨ ਕੀਤਾ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਅਤੇ ਐੱਸ.ਕੇ.ਐੱਮ., ਗੈਰ ਰਾਜਨੀਤਕ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਵੀ ਹਾਜ਼ਰ ਸਨ | ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸ਼ੇਖ਼ੂਪੁਰਾ, ਅਵਤਾਰ ਸਿੰਘ ਮਨੌਲੀ ਸੂਰਤ ਤੇ ਸ਼ਮਸ਼ੇਰ ਸਿੰਘ ਬਰੋਲੀ ਨੇ ਕਿਹਾ ਕਿ ਕਿਸਾਨ ਸਰਵਿਸ ਰੋਡ, ਪਾਣੀ ਨਿਕਾਸ ਦੇ ਪ੍ਰਬੰਧ, ਮਿੱਸ ਨੰਬਰਾਂ ਦੇ ਮੁਆਵਜ਼ੇ ਆਦਿ ਲਈ ਲਗਾਤਾਰ ਐੱਨ.ਐੱਚ.ਆਈ., ਸਿਆਸੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਹੱਲ ਲਈ ਲਿਖਤੀ ਤੇ ਜ਼ੁਬਾਨੀ ਤੌਰ 'ਤੇ ਮੰਗ ਕਰਦੇ ਆ ਰਹੇ ਹਨ, ਪਰ ਕਿਸੇ ਨੇ ਵੀ ਕਿਸਾਨਾਂ ਦੀ ਬਾਂਹ ਨਹੀਂ ਫੜੀ | ਜਿਸ ਕਰਕੇ ਕਿਸਾਨ ਉਕਤ ਸਮੱਸਿਆਵਾਂ ਦੇ ਹੱਲ ਲਈ 8 ਜਨਵਰੀ ਨੂੰ ਪੱਕਾ ਮੋਰਚਾ ਲਾਉਣ ਲਈ ਮਜ਼ਬੂਰ ਹੋਣਗੇ | ਕਿਸਾਨਾਂ ਨੇ ਰੋਸ ਭਰੇ ਲਿਹਾਜੇ ਨਾਲ ਕਿਹਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਦੇ ਹਰੇਕ ਜੁਲਮ ਦਾ ਟਾਕਰਾ ਕਰਨ ਲਈ ਤਿਆਰ ਹਨ. ਉਨ੍ਹਾਂ ਨੇ ਅੱਜ ਜ਼ਮੀਨਾਂ ਦੇ ਨਾਲ ਸੜਕ ਬਣਾ ਰਹੀ ਕੰਪਨੀ ਵਲੋਂ ਖੜ੍ਹੀ ਕੀਤੀ ਜਾ ਰਹੀ ਦੀਵਾਰ ਦੇ ਪਿੰਡ ਰਾਜੋਮਾਜਰਾ ਤੋਂ ਪਿੱਲਰ ਪੁਟ ਕੇ ਸ਼ੁਰੂਆਤ ਕਰ ਦਿੱਤੀ ਹੈ ਅਤੇ ਅਗਲੇ ਦਿਨਾਂ ਵਿਚ ਵੀ ਇਹ ਕੰਮ ਜਾਰੀ ਰਹੇਗਾ | ਇਕੱਠ ਨੂੰ ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ, ਲਖਵਿੰਦਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਸਕੱਤਰ ਗੁਰਦਰਸ਼ਨ ਸਿੰਘ ਖਾਸਪੁਰ, ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਡੱਲੇਵਾਲ ਦੇ ਤਰਲੋਚਨ ਸਿੰਘ ਨੰਡਿਆਲੀ, ਰਾਜੇਵਾਲ ਦੇ ਕਿ੍ਪਾਲ ਸਿੰਘ ਸਿਆਓ, ਕਿਸਾਨ ਆਗੂ ਸਾਧੂ ਸਿੰਘ ਖਲੋਰ, ਹਰਿੰਦਰ ਸਿੰਘ ਲਾਖਾ, ਕਰਮਜੀਤ ਸਿੰਘ ਚਿੱਲਾ, ਰਘਬੀਰ ਸਿੰਘ ਮੰਡੌਲੀ, ਪ੍ਰੋਗਰੈਸਿਵ ਫ਼ਰੰਟ ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ, ਬਲਵੰਤ ਸਿੰਘ ਨੰਡਿਆਲੀ ਆਦਿ ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਐੱਨ.ਐੱਚ.ਆਈ. ਨਾਲ ਮਿਲ ਕੇ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ, ਨਹੀ ਨਤੀਜੇ ਭੁਗਤਣ ਲਈ ਤਿਆਰ ਰਹੇ | ਕਿਸਾਨ ਆਗੂਆਂ ਨੇ ਮੌਕੇ ਹਾਜ਼ਰ ਸੜਕ ਬਣਾ ਰਹੀ ਕੰਪਨੀ ਦੇ ਅਧਿਕਾਰੀਆਂ ਨੂੰ ਸੱਤ ਜਨਵਰੀ ਤੱਕ ਸੜਕ ਦਾ ਕੋਈ ਵਿਵਾਦਤ ਕੰਮ ਕਰਨ ਤੋਂ ਵਰਜਿਆ | ਇਸ ਮੌਕੇ ਸਤਨਾਮ ਸਿੰਘ ਖਲੋਰ, ਰਤਨ ਫ਼ੌਜੀ ਅਮਲਾਲਾ, ਲਾਲਾ ਬੁੱਢਣਪੁਰ, ਜਸਵੀਰ ਸਿੰਘ, ਗੁਰਬਚਨ ਪ੍ਰੇਮਗੜ, ਸਤਨਾਮ ਸਿੰਘ ਖਾਸਪੁਰ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਬਲਜੀਤ ਸਿੰਘ, ਜੱਗੀ ਰਾਜੋਮਾਜਰਾ, ਨੰਬਰਦਾਰ ਗੁਰਵਿੰਦਰ ਸਿੰਘ, ਕੌਂਸਲਰ ਅਵਤਾਰ ਬਬਲਾ, ਨੈਬ ਸਿੰਘ, ਵਰਿੰਦਰ ਲੀਲਾ, ਹਰਵਿੰਦਰ ਡੀਸੀ, ਰਾਜਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |