ਜੈਤੋ, 2 ਜੂਨ (ਗੁਰਚਰਨ ਸਿੰਘ ਗਾਬੜੀਆ)-ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਦੀਆਂ ਨਹਿਰਾਂ ਤੇ ਕੱਸੀਆਂ ਸੁੱਕੀਆਂ ਪਈਆਂ ਹਨ, ਇਹ ਨਹਿਰੀ ਪਾਣੀ ਸਰਕਾਰ ਕਿੱਧਰ ਭੇਜ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਹੈ ਪਰ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਵਾਧੂ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਕੁਮਾਰ ਘਣੀਆਂ ਦੀ ਆੜ੍ਹਤ ਦੀ ਦੁਕਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਫ਼ੋਕੀਆਂ ਬਿਆਨ ਬਾਜ਼ੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਨਹਿਰਾਂ ਤੇ ਕੱਸੀਆਂ ਦਾ ਪਾਣੀ ਦੇਣ ਦੀ ਬਜਾਏ ਦੂਜੇ ਸੂਬਿਆਂ ਨੂੰ ਭੇਜ ਰਹੀ ਹੈ ਕਿਉਂਕਿ ਪੰਜਾਬ ਦੀਆਂ ਨਹਿਰਾਂ ਅੱਜ ਵੀ ਸੁੱਕੀਆਂ ਪਈਆਂ ਹਨ ਜਦ ਕਿ ਸੂਬਾ ਸਰਕਾਰ ਨੇ 1 ਜੂਨ ਤੋਂ ਫ਼ਰੀਦਕੋਟ ਆਦਿ ਜ਼ਿਲਿ੍ਹਆਂ ਵਿਚ ਝੋਨਾ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਸੂਏ ਸੁੱਕੇ ਪਏ ਹਨ | ਜਦ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਪਾਲਣ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ਵਿਚ ਜਲਦ ਪਾਣੀ ਨਾ ਛੱਡਿਆ ਤਾਂ ਕਾਂਗਰਸ ਪਾਰਟੀ ਆਉਂਦੇ ਦਿਨਾਂ ਵਿਚ ਤਿੱਖਾ ਸੰਘਰਸ਼ ਕਰੇਗੀ | ਇਸ ਮੌਕੇ ਸਾਬਕਾ ਸਰਪੰਚ ਭਗਵੰਤ ਸਿੰਘ ਚੈਨਾ, ਅਵਤਾਰ ਸਿੰਘ ਬਰਾੜ ਚੈਨਾ, ਗੁਰਤੇਜ ਸਿੰਘ ਦਬੜ੍ਹੀਖਾਨਾ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਰੋੜੀਕਪੂਰਾ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਿਸਾਨ ਨਹਿਰੀ ਪਾਣੀ ਦੀ ਉਡੀਕ ਵਿਚ ਹਨ ਕਿਉਂਕਿ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਐਲਾਨ ਤਾਂ ਸੂਬਾ ਸਰਕਾਰ ਨੇ ਕਰ ਦਿੱਤਾ ਪਰ ਨਹਿਰੀ ਪਾਣੀ ਹਾਲੇ ਤੱਕ ਨਹਿਰਾਂ ਵਿਚ ਨਹੀਂ ਛੱਡਿਆ ਗਿਆ ਜਦ ਕਿ ਸਰਕਾਰ ਕਿਸਾਨਾਂ ਨੂੰ ਫ਼ਸਲ ਪਾਲਣ ਲਈ ਟੇਲਾਂ 'ਤੇ ਪਾਣੀ ਪਹੁੰਚਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੀ ਥੱਕਦੀ ਨਹੀਂ ਹੈ ਤੇ ਪੰਜਾਬ ਦੇ ਲੋਕ ਸੂਬਾ ਸਰਕਾਰ ਦੇ ਲਾਰੇ ਲੱਪੇ ਵਾਲੀਆਂ ਗੱਲਾਂ ਨੂੰ ਸਮਾਂ ਆਉਣ 'ਤੇ ਜ਼ਰੂਰ ਯਾਦ ਕਰਵਾਉਣਗੇ | ਉਨ੍ਹਾਂ ਮੰਗ ਕੀਤੀ ਕਿ ਨਹਿਰਾਂ ਵਿਚ ਪਾਣੀ ਤੁਰੰਤ ਛੱਡਿਆ ਜਾਵੇ | ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਕੁਮਾਰ ਘਣੀਆ, ਅੰਮਿ੍ਤਪਾਲ ਸਿੰਘ ਰੋੜੀਕਪੂਰਾ, ਲਾਭ ਸਿੰਘ ਅਜਿੱਤਗਿੱਲ, ਰਾਜਵਿੰਦਰ ਸਿੰਘ ਰਾਜ ਭੁੱਲਰ, ਗੁਰਪ੍ਰੀਤ ਸਿੰਘ ਦਲ ਸਿੰਘ ਵਾਲਾ, ਲਵਜੋਤ ਸਿੰਘ ਰੋੜੀਕਪੂਰਾ, ਕਾਲਾ ਸਿੰਘ ਬਿਸ਼ਨੰਦੀ ਅਤੇ ਗੁਰਬਚਨ ਸਿੰਘ ਬਰਾੜ ਆਦਿ ਵਰਕਰ ਮੌਜੂਦ ਸਨ |