ਪੰਜਗਰਾੲੀਂ ਕਲਾਂ, 3 ਜੂਨ (ਸੁਖਮੰਦਰ ਸਿੰਘ ਬਰਾੜ)-ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿਖੇ 'ਕਿਸ਼ੋਰ ਸਿੱਖਿਆ' ਸੰਬੰਧੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ 'ਚ 60 ਅਧਿਆਪਕਾਂ ਨੇ ਭਾਗ ਲਿਆ | ਵਰਕਸ਼ਾਪ ਦੀ ਪ੍ਰਧਾਨਗੀ ਸਕੂਲ ਦੀ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਕੀਤੀ | ਵਰਕਸ਼ਾਪ ਦੇ ਸਵਾਗਤੀ ਸੈਸ਼ਨ ਦੌਰਾਨ ਸਕੂਲ ਦੇ ਪਿ੍ੰਸੀਪਲ ਗਗਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਅਧਿਆਪਨ ਕਾਰਜ ਦੌਰਾਨ ਵਰਕਸ਼ਾਪ ਦੀ ਮਹੱਤਤਾ ਸੰਬੰਧੀ ਚਾਨਣਾ ਪਾਇਆ | ਸੀ.ਬੀ.ਐਸ.ਈ. ਵਲੋਂ ਰਿਸੋਰਸ ਪਰਸਨ ਪਿ੍ੰਸੀਪਲ ਪੁਸ਼ਪੇਂਦਰ ਕੁਮਾਰ ਰਾਣਾ ਨੇ ਵਰਕਸ਼ਾਪ ਦੇ ਪਹਿਲੇ ਸ਼ੈਸ਼ਨ ਵਿਚ ਸਕੂਲੀ ਸਿੱਖਿਆ ਦੌਰਾਨ ਕਿਸ਼ੋਰ ਅਵਸਥਾ ਦੇ ਚਲਦਿਆਂ ਸਕੂਲੀ ਵਿਦਿਆਰਥੀਆਂ ਨੂੰ ਆਉਂਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਦੇ ਇਸ ਵਰਗ ਅੰਦਰ ਅਧਿਆਪਕ ਦੀ ਭੂਮਿਕਾ ਦੇ ਮਹੱਤਵ ਤੋਂ ਜਾਣੂ ਕਰਵਾਇਆ | ਪਿ੍ੰਸੀਪਲ ਡਾ. ਧਵਨ ਕੁਮਾਰ ਨੇ ਆਧੁਨਿਕਤਾ ਦੇ ਦੌਰ ਵਿਚ ਕਿਸ਼ੋਰ ਅਵਸਥਾ ਦੇ ਬਦਲਦੇ ਪਰਿਪੇਖ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੋਕੇ ਦੌਰ 'ਚ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਦੇ ਬੋਝ ਨੂੰ ਵਿਦਿਆਰਥੀਆਂ ਦੇ ਮਨਾਂ ਤੋਂ ਘੱਟ ਕਰਨ ਲਈ ਉਨ੍ਹਾਂ ਨਾਲ਼ ਦੋਸਤਾਨਾਂ ਵਿਵਹਾਰ ਕਰਕੇ ਸਮੱਸਿਆਵਾਂ ਦੀ ਤਹਿ ਤੱਕ ਪੁੱਜਣ ਤੋਂ ਇਲਾਵਾ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਸਹੀ ਮਾਰਗ ਦਰਸ਼ਨ ਕਰਨਾ ਸਮੇਂ ਦੀ ਮੁੱਖ ਮੰਗ ਦੱਸਿਆ | ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੇ ਪਿ੍ੰਸੀਪਲ ਅਤੇ ਸਿਟੀ ਕੋਆਰਡੀਨੇਟਰ ਅਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਦੌਰ ਵਿਚ ਸਕੂਲ ਦਾ ਵਾਤਾਵਰਨ ਵਿਦਿਆਰਥੀ ਕੇਂਦਰਤ ਹੋਣ ਦੇ ਬਣਾਉਣ ਦੇ ਨਾਲ਼-ਨਾਲ਼ ਬੱਚਿਆ ਨੂੰ ਕਿੱਤਾਮੁਖੀ ਸਿੱਖਿਆ ਨਾਲ਼ ਜੋੜ ਕੇ ਜੀਵਨ ਵਿਚ ਕਾਮਯਾਬ ਕੀਤਾ ਜਾ ਸਕਦਾ ਹੈ | ਵਰਕਸ਼ਾਪ ਦੀ ਸਮਾਪਤੀ ਮੌਕੇ ਸਕੂਲ ਦੀ ਚੇੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਨੇ ਵਰਕਸ਼ਾਪ 'ਚ ਪੁੱਜੇ ਰਿਸੋਰਸ ਪਰਸਨਜ਼ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਵਰਕਸ਼ਾਪ ਦੌਰਾਨ ਸਿੱਖੀਆਂ ਗਤੀਵਿਧੀਆਂ ਨੂੰ ਕਲਾਸ ਰੂਮ 'ਚ ਪ੍ਰਭਾਵਸ਼ਾਲੀ ਰੂਪ ਨਾਲ਼ ਲਾਗੂ ਕਰਨ ਦੀ ਅਪੀਲ ਕੀਤੀ | ਅੰਤ ਵਿਚ ਸਕੂਲ ਵਲੋਂ ਰਿਸੋਰਸ ਪਰਸਨ ਪਿ੍ੰਸੀਪਲ ਪੁਸ਼ਪੇਂਦਰ ਕੁਮਾਰ ਰਾਣਾ, ਪਿ੍ੰਸੀਪਲ ਡਾ. ਧਵਨ ਕੁਮਾਰ, ਪਿ੍ੰਸੀਪਲ ਅਜੇ ਕੁਮਾਰ ਸ਼ਰਮਾ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਰਦੀਪ ਸਿੰਘ ਚਹਿਲ, ਵਾਈਸ ਪਿੰ੍ਰਸੀਪਲ ਸੁਖਮੰਦਰ ਸਿੰਘ ਬਰਾੜ, ਤੇਜਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |