ਕੋਟਕਪੂਰਾ, 3 ਜੂਨ (ਮੇਘਰਾਜ)-ਅੱਜ ਸ਼ਾਮ ਪਈ ਦਰਮਿਆਨੀ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਫਸਲਾਂ ਲਈ ਵੀ ਕਾਫ਼ੀ ਲਾਹੇਵੰਦ ਹੈ | ਹਲਕਾ ਕੋਟਕਪੂਰਾ ਦੇ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਖੇਤਾਂ 'ਚ ਬਾਸਮਤੀ 1509 ਦੀ ਲਵਾਈ ਜ਼ੋਰਾਂ 'ਤੇ ਹੈ | ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ | ਪਿਛਲੇ ਸਾਲ ਝੋਨੇ ਦੀ ਲਵਾਈ ਮਿਤੀ 11 ਜੂਨ ਸੀ ਤੇ ਇਸ ਵਾਰ ਸਰਕਾਰ ਵਲੋਂ ਸੂਬੇ ਦੇ ਕਈ ਜ਼ਿਲਿ੍ਹਆਂ 'ਚ 1 ਜੂਨ ਨੂੰ ਝੋਨਾ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ | ਪ੍ਰਵਾਸੀ ਮਜ਼ਦੂਰ 11 ਜੂਨ ਤੱਕ ਆਉਣਗੇ | ਹੁਣ ਪੰਜਾਬੀ ਮਜ਼ਦੂਰਾਂ ਵਲੋਂ ਝੋਨਾ ਲਗਾਇਆ ਜਾ ਰਿਹਾ ਹੈ | ਨੇੜਲੇ ਪਿੰਡ ਬਾਹਮਣਵਾਲਾ, ਕੋਠੇ ਬੁੱਕਣ ਸਿੰਘ, ਲਾਲੇਆਣਾ, ਕੋਹਾਰਵਾਲਾ, ਹਰੀਨੌਂ, ਢਾਬ ਗੁਰੂ ਕੀ ਸਮੇਤ ਹੋਰ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਅਗੇਤੀ ਗੋਭੀ ਬੀਜੀ ਜਾਂਦੀ ਹੈ | ਝੋਨੇ ਦੀਆਂ ਕਿਸਮਾਂ 'ਚੋਂ ਬਾਸਮਤੀ 1509 ਹੀ ਘੱਟ ਦਿਨਾਂ ਅਤੇ ਘੱਟ ਪਾਣੀ ਦੀ ਲੋੜ ਵਾਲੀ ਫ਼ਸਲ ਹੈ | ਕਈ ਕਿਸਾਨਾਂ ਵਲੋਂ ਆਪਣੇ ਖੇਤਾਂ 'ਚ ਸਿਰਫ਼ ਬਾਸਮਤੀ 1509 ਦੀ ਕਾਸ਼ਤ ਕੀਤੀ ਜਾ ਰਹੀ ਹੈ | ਅੱਜ ਸ਼ਾਮ ਪਈ ਦਰਮਿਆਨੀ ਬਾਰਿਸ਼ ਕਾਰਨ ਬਾਸਮਤੀ ਦੀ ਫ਼ਸਲ ਖੇਤਾਂ 'ਚ ਜਲਦੀ ਚੱਲਣ ਦੀ ਸੰਭਾਵਨਾ ਹੈ | ਜੇਕਰ ਮੌਸਮ ਫ਼ਸਲ ਦੀ ਅਨੁਕੂਲ ਰਿਹਾ ਤਾਂ ਫ਼ਸਲ ਦੇ ਝਾੜ ਵਧਣ ਦੀ ਸੰਭਾਵਨਾ ਹੈ | ਪਿੰਡ ਬਾਹਮਣਵਾਲਾ ਦੇ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਅਮਨਦੀਪ ਨੇ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਪੰਜਾਬ 'ਚ ਗੇਂਦੇ ਦੀ ਕਾਸ਼ਤ ਕਾਫ਼ੀ ਘੱਟ ਜਾਂਦੀ ਹੈ | ਬਾਰਿਸ਼ ਪੈਣ ਕਾਰਨ ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਈ ਕਿਸਾਨਾਂ ਵਲੋਂ ਫੁੱਲਾਂ ਦੀ ਤੁੜਾਈ ਨਹੀਂ ਕੀਤੀ ਜਾਂਦੀ ਅਤੇ ਫੁੱਲਾਂ ਦੀ ਮੰਗ ਵਧਣ ਕਾਰਨ ਫੁੱਲਾਂ ਦਾ ਭਾਅ ਵਧ ਜਾਂਦਾ ਹੈ ਜੋ ਕਿ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਫ਼ਾਇਦਾ ਹੋ ਜਾਂਦਾ ਹੈ | ਇਸੇ ਤਰ੍ਹਾਂ ਗੋਭੀ ਦੀ ਫ਼ਸਲ ਦੇ ਮਾਹਿਰ ਕਿਸਾਨ ਪਰਮਜੀਤ ਸਿੰਘ ਮਾਨ, ਗੁਰਮੰਤ ਸਿੰਘ ਮਾਨ, ਮਨੋਦ ਕੁਮਾਰ, ਜਸਬੀਰ ਸਿੰਘ ਢਿੱਲੋਂ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਬਾਸਮਤੀ ਕਿਸਮ ਦੀ ਫ਼ਸਲ ਜਲਦੀ ਪੱਕ ਜਾਂਦੀ ਹੈ | ਕਟਾਈ ਤੋਂ ਤੁਰੰਤ ਬਾਅਦ ਖੇਤ ਤਿਆਰ ਕਰਕੇ ਗੋਭੀ ਦੀ ਫ਼ਸਲ ਲਾਈ ਜਾਂਦੀ ਹੈ ਜੋ ਕਿ ਵਧੀਆ ਭਾਅ 'ਚ ਆ ਜਾਂਦੀ ਹੈ ਤੇ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ | ਇਸ ਤੋਂ ਇਲਾਵਾ ਹੋਰ ਕਿਸਾਨ ਵਲੋਂ ਸਰਕਾਰ ਵਲੋਂ ਮਾਨਤ ਕਿਸਮਾਂ ਦੀ ਲਵਾਈ ਵੀ ਕੀਤੀ ਜਾ ਰਹੀ ਹੈ | ਬਾਰਸ਼ ਪੈਣ ਕਾਰਨ ਹਰੇ ਚਾਰੇ, ਝੋਨੇ ਦੀ ਫ਼ਸਲ, ਸਬਜ਼ੀਆਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੇਗੀ |