ਫ਼ਰੀਦਕੋਟ, 4 ਜੂਨ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ-ਕੋਟਕਪੂਰਾ ਸੜਕ ਸ਼ਹਿਰ ਦੀ ਇਕ ਮਹੱਤਵਪੂਰਨ ਸੜਕ ਹੈ | ਜਿਸ ਉੱਪਰ ਇਕ ਪਾਸੇ ਹਰਿੰਦਰਾ ਨਗਰ ਅਤੇ ਨਿਊ ਹਰਿੰਦਰਾ ਨਗਰ ਵੱਸੇ ਹੋਏ ਹਨ | ਦੂਜੇ ਪਾਸੇ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦੀ ਰਿਹਾਇਸ਼ ਅਤੇ ਪੁਲਿਸ ਲਾਈਨ ਸਥਿਤ ਹੈ | ਇਸ ਸੜਕ ਉਪਰ ਹਰਿੰਦਰਾ ਨਗਰ ਦੀਆਂ ਵੱਖ-ਵੱਖ ਗਲੀਆਂ ਵਿਚੋਂ ਆਉਣ ਜਾਣ ਵਾਲੇ ਲੋਕਾਂ ਨੂੰ ਇਸ ਸੜਕ ਤੋਂ ਲੰਘਦੇ ਤੇਜ਼ ਵਾਹਨਾਂ ਕਾਰਨ ਹਰ ਵਕਤ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੜਕ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਹਰਿੰਦਰਾ ਨਗਰ ਤੇ ਨਿਊ ਹਰਿੰਦਰਾ ਨਗਰ ਵਾਸੀਆਂ ਵਲੋਂ ਮੰਗ ਕੀਤੀ ਗਈ ਹੈ ਕਿ ਹਰ ਗਲੀ ਦੇ ਸਾਹਮਣੇ ਮੇਨ ਰੋਡ 'ਤੇ ਸਪੀਡ ਬਰੇਕਰ ਬਣਾਏ ਜਾਣ ਤਾਂ ਜੋ ਇੱਥੋਂ ਲੰਘਣ ਵਾਲੇ ਟ੍ਰੈਫ਼ਿਕ ਦੀ ਰਫ਼ਤਾਰ ਘਟ ਸਕੇ ਅਤੇ ਹਾਦਸਾ ਹੋਣ ਦਾ ਖਦਸ਼ਾ ਪੂਰੀ ਤਰਾਂ ਟਾਲਿਆ ਜਾ ਸਕੇ | ਇੱਥੇ ਵਰਨਣਯੋਗ ਹੈ ਕਿ ਇਸ ਕੋਟਕਪੂਰਾ -ਫ਼ਰੀਦਕੋਟ ਰੋਡ ਉੱਪਰ ਘੋੜਾ ਚੌਂਕ ਦੇ ਬਿਲਕੁਲ ਨਾਲ ਬਾਬਾ ਫ਼ਰੀਦ ਪਬਲਿਕ ਸਕੂਲ ਨੂੰ ਇਕ ਰਸਤਾ ਜਾਂਦਾ ਹੈ | ਜਿੱਥੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਸਕੂਲ ਆਉਂਦੇ ਜਾਂਦੇ ਹਨ | ਜ਼ਿਨ੍ਹਾਂ ਦੀ ਸੁਰੱਖਿਆ ਲਈ ਮੇਨ ਸੜਕ ਉੱਪਰ ਵਹੀਕਲਾਂ ਦੀ ਰਫ਼ਤਾਰ ਘੱਟ ਕਰਨਾ ਸਮੇਂ ਦੀ ਮੁੱਖ ਮੰਗ ਹੈ | ਇਸੇ ਤਰ੍ਹਾਂ ਗਲੀ ਨੰਬਰ 1 ਤੋਂ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਨੂੰ ਰਸਤਾ ਜਾਂਦਾ ਹੈ | ਇਹ ਸ਼ਹਿਰ ਦਾ ਮੁੱਖ ਗੁਰਦੁਆਰਾ ਹੋਣ ਕਰਕੇ ਇੱਥੇ ਅਕਸਰ ਹੀ ਖੁਸ਼ੀ-ਗਮੀ ਦੇ ਸਮਾਗਮ ਹੰੁਦੇ ਰਹਿੰਦੇ ਹਨ | ਜਿਨ੍ਹਾਂ ਵਿਚ ਸਹਿਰ ਵਾਸੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੇ ਹਨ | ਇਸ ਲਈ ਮੁੱਖ ਸੜਕ ਉੱਪਰ ਟ੍ਰੈਫ਼ਿਕ ਦੀ ਰਫ਼ਤਾਰ ਘੱਟ ਹੋਣੀ ਚਾਹੀਦੀ ਹੈ |