ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਹਰਮਹਿੰਦਰ ਪਾਲ)-ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਰਸਾਤ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਇਸ ਸੰਬੰਧ ਵਿਚ ਡਾ. ਜਗਦੀਪ ਚਾਵਲਾ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਬਰਸਾਤਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਲੇਰੀਆਂ ਤੇ ਡੇਂਗੂ ਤੋਂ ਬਚਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਬਰਸਾਤਾਂ ਦੌਰਾਨ ਹੋਣ ਵਾਲੀਆ ਹੋਰ ਬਿਮਾਰੀਆਂ ਬਾਰੇ ਵੀ ਜਾਗਰੁੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅਬੋਹਰ ਰੋਡ ਦੀਆਂ ਗਲੀਆਂ, ਦਸਮੇਸ਼ ਨਗਰ ਦੀਆਂ ਗਲੀਆਂ, ਤੇਲੀਆਂ ਵਾਲੀ ਗਲੀ ਅਤੇ ਹੋਰ ਜਨਤਕ ਥਾਂਵਾਂ 'ਤੇ ਘਰ-ਘਰ ਜਾ ਕੇ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖ਼ਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ | ਜੇਕਰ ਕਿਸੇ ਏਰੀਏ ਵਿਚ ਇਕ ਹੀ ਜਗ੍ਹਾ 'ਤੇ ਤਿੰਨ ਤੋਂ ਵੱਧ ਇਨਫ਼ੈਕਸ਼ਨ ਜਾਂ ਦਸਤਾਂ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ | ਹੜ੍ਹਾਂ ਦੌਰਾਨ ਦੂਸ਼ਿਤ ਪਾਣੀ ਤੇ ਕੀੜਿਆਂ ਦੇ ਕੱਟਣ ਨਾਲ ਚਮੜੀ 'ਤੇ ਬੈਕਟੀਰੀਅਲ ਇਨਫ਼ੈਕਸ਼ਨ ਹੋ ਸਕਦੀ ਹੈ | ਹੜਾਂ ਦੌਰਾਨ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹੋ ਜਾਂਦੀਆਂ ਹਨ, ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜੇ੍ਹ ਪਾਣੀ ਵਿਚ ਨਾ ਜਾਉ ਅਤੇ ਜੇਕਰ ਪਾਣੀ ਵਿਚ ਜਾਣਾ ਜਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਉ | ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ | ਇਸ ਸਮੇਂ ਡਾ. ਹਰਕੀਰਤਨ ਸਿੰਘ ਜ਼ਿਲਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਬਰਸਾਤਾਂ ਦੌਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿਚ ਓ.ਆਰ.ਐੱਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਿਹਤ ਵਿਭਾਗ ਵਲੋਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਦਿੱਤਾ ਜਾ ਰਿਹਾ ਹੈ | ਬਿਮਾਰੀ ਹੋਣ ਦੀ ਸੂਰਤ ਵਿਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ | ਇਸ ਮੌਕੇ ਸੁਖਮੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ, ਵਿਨੋਦ ਕੁਮਾਰ ਸਹਾਇਕ ਮਲੇਰੀਆ ਅਫ਼ਸਰ, ਭਗਵਾਨ ਦਾਸ, ਲਾਲ ਚੰਦ ਜ਼ਿਲਾ ਸਿਹਤ ਇੰਸਪੈਕਟਰ, ਸਿਹਤ ਵਰਕਰ ਅੰਮਿ੍ਤਪਾਲ ਸਿੰਘ, ਜਸਕਰਨ ਸਿੰਘ, ਹਰਮੇਲ ਸਿੰਘ, ਜਗਮੀਤ ਸਿੰਘ ਹਾਜ਼ਰ ਸਨ |