ਸ੍ਰੀ ਮੁਕਤਸਰ ਸਾਹਿਬ, 3 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅੱਧੇ ਤੋਂ ਜ਼ਿਆਦਾ ਪੰਜਾਬ ਕੁਦਰਤੀ ਆਫ਼ਤ ਦੇ ਕਾਰਨ ਹੜ੍ਹਾਂ ਦੀ ਮਾਰ ਹੇਠ ਆ ਚੁੱਕਾ ਹੈ ਤੇ ਹੁਣ ਲੋਕਾਂ ਨੇ ਸੂਬਾ ਸਰਕਾਰ ਤੋਂ ਮਦਦ ਦੀ ਆਸ ਉਮੀਦ ਛੱਡ ਦਿੱਤੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹੁਣ ਸਿਰਫ਼ ਬਿਆਨਬਾਜ਼ੀ ਨਾਲ ਗੱਲ ਨਹੀਂ ਬਣਨੀ, ਕਿਉਂਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਸੂਬਾ ਸਰਕਾਰ ਨੂੰ ਹੜ੍ਹ ਪੀੜਤਾਂ ਨੂੰ ਵੱਡੇ ਪੱਧਰ 'ਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ | ਹਨੀ ਫ਼ੱਤਣਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਪੂਰੇ ਭਾਰਤ ਨੂੰ ਅਨਾਜ ਮੁਹੱਈਆ ਕਰਵਾਉਣ ਵਾਲੇ ਸੂਬੇ ਅੰਦਰ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਕਿਸਾਨਾਂ ਤੇ ਆਮ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ | ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਦੇ ਹੱਕ ਵਿਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕੀਤੀ |