05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੋਟਕਪੂਰਾ-ਜੈਤੋ ਬਾਈਪਾਸ 'ਤੇ ਪਾਣੀ ਕਾਰਨ ਪਏ ਡੂੰਘੇ ਟੋਇਆਂ ਕਾਰਨ ਆਵਾਜਾਈ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 05-09-2025
ਕੋਟਕਪੂਰਾ, 4 ਸਤੰਬਰ (ਮੇਘਰਾਜ)-ਕੋਟਕਪੂਰਾ-ਜੈਤੋ ਬਾਈਪਾਸ ਕੋਟਕਪੂਰਾ ਸ਼ਹਿਰ ਨੂੰ ਜੈਤੋ, ਬਠਿੰਡਾ, ਬਾਜਾਖਾਨਾ, ਬਰਨਾਲਾ, ਸ੍ਰੀ ਮੁਕਤਸਰ ਸਾਹਿਬ ਸਮੇਤ ਕਰੀਬ 50 ਪਿੰਡਾਂ ਨਾਲ ਜੋੜਦਾ ਹੈ | ਇਥੋਂ ਹਰ ਰੋਜ਼ ਸੈਂਕੜੇ ਬੱਸਾਂ, ਟਰੱਕ, ਕਾਰਾਂ, ਕੈਂਟਰ, ਟਰੈਕਟਰ ਟਰਾਲੀਆਂ ਅਤੇ ਮੋਟਰ ਸਾਈਕਲ ਲੰਘਦੇ ਹਨ | ਇਹ ਬਾਈਪਾਸ ਦੇ ਬਣਨ ਨਾਲ ਸ਼ਹਿਰ ਵਿਚੋਂ ਵਾਹਨਾਂ ਦਾ ਭੀੜ ਭੜੱਕਾ ਵੀ ਘਟਿਆ ਹੈ | ਉਕਤ ਸ਼ਹਿਰਾਂ ਤੋਂ ਇਲਾਵਾ ਮੋਗਾ, ਲੁਧਿਆਣਾ, ਜਲੰਧਰ, ਸ੍ਰੀ ਅੰਮਿ੍ਤਸਰ ਸਾਹਿਬ, ਫ਼ਰੀਦਕੋਟ, ਫ਼ਿਰੋਜ਼ਪੁਰ ਜਾਣ ਵਾਲੇ ਵਾਹਨ ਵੀ ਇਸੇ ਬਾਈਪਾਸ ਤੋਂ ਲੰਘਦੇ ਹਨ | ਦਰਜਨਾਂ ਪਿੰਡ ਦਾਣਾ ਮੰਡੀ, ਟਰੈਕਟਰ ਮੰਡੀ, ਲੱਕੜ ਮੰਡੀ, ਬੱਸ ਅੱਡਾ, ਰੇਲਵੇ ਸਟੇਸ਼ਨ, ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਸਰਕਾਰੀ ਤੇ ਨਿੱਜੀ ਸਕੂਲ, ਹਸਪਤਾਲ ਅਤੇ ਆਈ.ਟੀ.ਆਈ ਨਾਲ ਜੁੜੇ ਹੋਏ ਹਨ ਪਰ ਮੰਡੀ ਬੋਰਡ ਵਲੋਂ ਬਣਾਏ ਇਸ ਪਾਸ ਬਾਈਪਾਸ 'ਤੇ ਬਾਰਿਸ਼ ਪੈਣ ਕਾਰਨ ਪਏ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਇਹ ਬਾਈਪਾਸ ਕਰੀਬ 25 ਸਾਲ ਪਹਿਲਾਂ ਹੋਂਦ 'ਚ ਆਇਆ ਸੀ | ਇਸ ਬਾਈਪਾਸ ਦੇ ਪੱਕਾ ਹੋਣ ਪਹਿਲਾਂ ਰਾਹਗੀਰਾਂ ਨੂੰ ਆਪਣੇ ਵਾਹਨਾਂ ਸਮੇਤ ਸ਼ਹਿਰ ਵਿਚੋਂ ਦੀ ਲੰਘਣਾ ਪੈਂਦਾ ਸੀ | ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਅਨੇਕਾਂ ਦੁਰਘਟਨਾਵਾਂ ਵੀ ਵਾਪਰਦੀਆਂ ਸਨ ਤੇ ਸ਼ਹਿਰ 'ਚ ਜਾਮ ਲੱਗਿਆ ਰਹਿੰਦਾ ਸੀ | ਆਉਂਦੇ ਦਿਨਾਂ 'ਚ ਬਾਸਮਤੀ, ਝੋਨੇ ਅਤੇ ਸਬਜ਼ੀਆਂ ਦੀ ਢੋਆ ਢੁਆਈ ਸ਼ੁਰੂ ਹੋਣ ਵਾਲੀ ਹੈ | ਡੂੰਘੇ ਖੱਡਿਆਂ ਕਾਰਨ ਵਾਹਨ ਵੀ ਨੁਕਸਾਨੇ ਜਾਂਦੇ ਹਨ ਅਤੇ ਢੋਆ-ਢੁਆਈ ਕਰਨ 'ਤੇ ਸਮਾਂ ਵੀ ਵੱਧ ਲੱਗਦਾ ਹੈ ਤੇ ਫ਼ਸਲ ਦਾ ਵੀ ਨੁਕਸਾਨ ਹੁੰਦਾ ਹੈ | ਬਾਈਪਾਸ ਦੇ ਨੇੜਲੇ 10 ਪਿੰਡਾਂ 'ਚ ਸਬਜ਼ੀ ਦੀ ਵਧੇਰੇ ਕਾਸ਼ਤ ਕੀਤੀ ਜਾਂਦੀ ਹੈ | ਹਰ ਰੋਜ਼ ਝੋਨੇ, ਸਬਜ਼ੀਆਂ ਤੇ ਹਰੇ ਚਾਰੇ ਦੀਆਂ ਅਨੇਕਾਂ ਟਰਾਲੀਆਂ ਸ਼ਹਿਰ ਨੂੰ ਆਉਣ ਲਈ ਇੱਥੋਂ ਲੰਘਦੀਆਂ ਹਨ | ਬਾਈਪਾਸ 'ਤੇ ਸਟਰੀਟ ਲਾਈਟਾਂ ਵੀ ਲੱਗੀਆਂ ਹੋਈਆਂ ਹਨ ਜਿੰਨ੍ਹਾਂ 'ਚੋਂ ਜ਼ਿਆਦਾਤਰ ਲਾਈਟਾਂ ਨਹੀਂ ਜੱਗਦੀਆਂ ਜਿਸ ਕਾਰਨ ਰਾਤ ਸਮੇਂ ਹਨੇ੍ਹਰਾ ਛਾਇਆ ਰਹਿੰਦਾ ਹੈ ਤੇ ਲੁੱਟ ਖੋਹ ਦਾ ਡਰ ਵੀ ਬਣਿਆ ਰਹਿੰਦਾ ਹੈ | ਕੋਟਕਪੂਰਾ ਤੋਂ ਜੈਤੋ ਜਾਣ ਵਾਲੇ ਰਸਤੇ 'ਤੇ ਸੂਏ ਦਾ ਪੁਲ ਵੀ ਕਾਫ਼ੀ ਖਸਤਾ ਹਾਲਤ 'ਚ ਹੈ ਉਸ ਨੂੰ ਦੁਬਾਰਾ ਚੌੜਾ ਕੀਤਾ ਜਾਵੇ | ਇਹ ਪੁਲ ਕਰੀਬ 125 ਸਾਲ ਪਹਿਲਾਂ ਬਣਿਆ ਸੀ ਅਤੇ ਕੁਝ ਸਮਾਂ ਪਹਿਲਾਂ ਇਸ ਤੋਂ ਚੌੜਾ ਤੇ ਮਜ਼ਬੂਤ ਕੀਤਾ ਗਿਆ ਸੀ ਪਰ ਹੁਣ ਉਸਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ | ਭਾਰੀ ਵਾਹਨ ਲੰਘਣ ਸਮੇਂ ਕਦੇ ਵੀ ਦੁਰਘਟਨਾ ਵਾਪਰ ਸਕਦੀ ਹੈ | ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਡੀ ਬੋਰਡ ਤੋਂ ਪੁਰਜ਼ੋਰ ਮੰਗ ਹੈ ਕਿ ਝੋਨੇ ਦੀ ਸੀਜ਼ਨ ਤੋਂ ਪਹਿਲਾਂ ਬਾਈਪਾਸ ਦਾ ਨਵ-ਨਿਰਮਾਣ ਕੀਤਾ ਜਾਵੇ, ਸਾਰੇ ਬਾਈਪਾਸ 'ਤੇ ਬਿਜਲੀ ਦੇ ਹਾਈਪਾਵਰ ਬੱਲਬ ਜਾਂ ਟਿਊਬਾਂ ਲਾਈਆਂ ਜਾਣ ਅਤੇ ਪੁਲ ਨੂੰ ਦੁਬਾਰਾ ਚੌੜਾ ਤੇ ਮਜ਼ਬੂਤ ਬਣਾਇਆ ਜਾਵੇ | ਇਹ ਵੀ ਮੰਗ ਕੀਤੀ ਗਈ ਕਿ ਬਿਜਲੀ ਦੇ ਬਲੱਬ ਜਾਂ ਟਿਊਬਾਂ ਨਕਾਰਾ ਹੋਣ 'ਤੇ ਤੁਰੰਤ ਬਦਲੇ ਜਾਣ ਅਤੇ ਖੱਡਾ ਪੈਣ 'ਤੇ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਰਾਤ ਸਮੇਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ | ਬਾਰਿਸ਼ ਪੈਣ ਕਾਰਨ ਸ਼ਹਿਰ ਤੋਂ ਪਿੰਡਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਹੀ ਟੁੱਟ ਚੁੱਕੀਆਂ ਹਨ | ਬਾਰਿਸ਼ ਦਾ ਪਾਣੀ ਹਾਲੇ ਵੀ ਕਈ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਫਿਰਨੀਆਂ 'ਤੇ ਪਏ ਟੋਇਆਂ 'ਚ ਖੜ੍ਹਾ ਹੈ | ਪਿੰਡਾਂ ਦੇ ਲੋਕਾਂ ਦੀ ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਸੰਪਰਕ ਸੜਕਾਂ ਦਾ ਨਵ-ਨਿਰਮਾਣ ਵੀ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 5 ਦਿਨਾ ਸ੍ਰੀ ਕਿ੍ਸ਼ਨ ਕਥਾ ਸ਼ੁਰੁੂ ਅਗਲੀ ਖ਼ਬਰ ਪਿੰਡ ਰਾਮੇਆਣਾ ਦੇ ਸੜਕ ਹਾਦਸੇ 'ਚ ਮਾਰੇ ਗਏ ਸ਼ਰਧਾਲੂਆਂ ਨੂੰ ਸ਼ਰਧਾਂਜਲੀਆਂ ਭੇਟ
Ad Position 24