ਜੈਤੋ, 24 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਹਲਕਾ ਜੈਤੋ ਦੀਆਂ ਸੰਗਤਾਂ 'ਚ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜੈਤੋ ਹਲਕੇ ਦੇ ਯਾਤਰੀਆਂ ਨੇ ਕੇਂਦਰੀ ਰੇਲ ਮੰਤਰੀ ਅਤੇ ਰੇਲਵੇ ਵਿਭਾਗ ਵਲੋਂ ਬੀਤੇ ਦਿਨੀਂ ਫ਼ਿਰੋਜ਼ਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਹਰਿਦੁਆਰ ਲਈ ਰੇਲ ਗੱਡੀਆਂ ਚਲਾਈਆਂ ਹਨ | ਜਿਨ੍ਹਾਂ ਦਾ ਠਹਿਰਾਓ ਗੰਗਸਰ ਜੈਤੋ ਰੇਲਵੇ ਸਟੇਸ਼ਨ 'ਤੇ ਨਹੀਂ ਕੀਤਾ ਗਿਆ | ਜਦ ਕਿ ਜੈਤੋ ਇਤਿਹਾਸਕ ਨਗਰ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਕਰੀਬ ਹਰ ਗੱਡੀ ਰੁੱਕ ਕੇ ਲੰਘਦੀ ਹੈ ਦੀ ਸਹੂਲਤ ਦਾ ਲਾਭ ਮਿਲਣਾ ਹੈ ਪਰ ਜਦ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਹਰਿਦੁਆਰ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਚਲਾਇਆ ਗਿਆ ਹੈ ਉਦੋਂ ਤੋਂ ਹੀ ਇਨ੍ਹਾਂ ਗੱਡੀਆਂ ਦਾ ਠਹਿਰਾਓ ਗੰਗਸਰ ਜੈਤੋ ਸਟੇਸ਼ਨ 'ਤੇ ਨਹੀਂ ਕੀਤਾ ਗਿਆ ਜਦ ਕਿ ਇਲਾਕੇ ਦੀਆਂ ਸੰਗਤਾਂ ਵਲੋਂ ਉਕਤ ਗੱਡੀਆਂ ਦੇ ਠਹਿਰਾਓ ਲਈ ਕੇਂਦਰੀ ਰੇਲ ਮੰਤਰੀ, ਕੇਂਦਰੀ ਰਾਜ ਮੰਤਰੀ ਅਤੇ ਰੇਲਵੇ ਵਿਭਾਗ ਤੋਂ ਮੰਗ ਕਰ ਚੁੱਕਿਆ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਕਤ ਧਾਰਮਿਕ ਸਥਾਨਾਂ 'ਤੇ ਜਾਣ ਲਈ ਪਹਿਲਾਂ ਬਠਿੰਡਾ ਰੇਲਵੇ ਸਟੇਸ਼ਨ 'ਤੇ ਜਾਣਾ ਪੈਂਦਾ ਹੈ ਜੋ ਕਿ ਜੈਤੋ ਤੋਂ ਕਰੀਬ 30 ਕਿਲੋਮੀਟਰ ਦੂਰ ਹੈ | ਇਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਇਸ ਮੌਕੇ ਸੰਤ ਰਿਸ਼ੀ ਰਾਮ ਜਲਾਲਵਾਲੇ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਜਥੇਦਾਰ ਬੂਟਾ ਸਿੰਘ ਬਰਾੜ ਸਰਾਵਾਂ, ਮੈਨੇਜਰ ਮੁਕੰਦ ਸਿੰਘ ਸਰਾਵਾਂ, ਸਾਬਕਾ ਸਰਪੰਚ ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਬਰਾੜ ਡੇਲਿਆਵਾਂਲੀ (ਰਾਮੂੰਵਾਲਾ) ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਬਲਵੰਤ ਸਿੰਘ ਬਰਾੜ ਕਰੀਰਵਾਲੀ, ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ, ਪਵਨ ਕੁਮਾਰ ਗੋਇਲ, ਸਿਕੰਦਰ ਸਿੰਘ ਮੜ੍ਹਾਕ, ਕੁਲਦੀਪ ਸਿੰਘ ਬਰਾੜ ਨਿਆਮੀਵਾਲਾ, ਮੇਹਰ ਸਿੰਘ ਕਰੀਰਵਾਲੀ, ਮਨਬੀਰ ਸਿੰਘ ਬੱਬੂ ਬਰਾੜ ਮੱਤਾ ਆਦਿ ਨੇ ਅਸ਼ਵਨੀ ਵੈਸ਼ਨਵ ਰੇਲਵੇ ਮੰਤਰੀ ਭਾਰਤ ਸਰਕਾਰ, ਰਵਨੀਤ ਸਿੰਘ ਬਿੱਟੂ ਰਾਜ ਰੇਲਵੇ ਮੰਤਰੀ ਭਾਰਤ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਦੋਵੇਂ ਗੱਡੀਆਂ ਦਾ 'ਗੰਗਸਰ ਜੈਤੋ' ਦੇ ਸਟੇਸ਼ਨ 'ਤੇ ਵੀ ਠਹਿਰਾਓ ਕੀਤਾ ਜਾਵੇ |