ਗਿੱਦੜਬਾਹਾ, 24 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਅਨਾਜ ਮੰਡੀ 'ਚ ਅੱਜ ਨਰਮੇ ਦੀ ਆਮਦ ਸ਼ੁਰੂ ਹੋ ਗਈ ਹੈ | ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਹਰਦੀਪ ਸਿੰਘ ਭੰਗਾਲ ਵਲੋਂ ਨਰਮੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਜ਼ਿਕਰਯੋਗ ਹੈ ਕਿ ਹਲਕੇ ਭਰ ਵਿਚ ਜ਼ਿਆਦਾਤਰ ਝੋਨੇ ਦੀ ਬਿਜਾਈ ਹੋਈ ਹੈ | ਇਸ ਵਾਰ ਸੂਬਾ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਕਿਸਾਨਾਂ ਨੂੰ ਪਿੰਡਾਂ ਵਿਚ ਜਾ ਕੇ ਨਰਮੇ ਦੀ ਬਿਜਾਈ ਲਈ ਜਾਗਰੂਕ ਕਰਨ ਅਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਵੀ ਆਪਣੇ-ਆਪਣੇ ਅਧਿਕਾਧਤ ਖੇਤਰ ਵਿਚ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਫ਼ਸਲੀ ਚੱਕਰ ਅਪਨਾਉਣ ਲਈ ਨਰਮੇ ਦੀ ਬਿਜਾਈ ਜ਼ਿਆਦਾ ਰਕਬੇ ਵਿਚ ਕਰਨ ਸਿਫ਼ਾਰਸ਼ ਕੀਤੀ ਗਈ ਸੀ | ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਬੀਤੇ ਵਰ੍ਹੇ ਹਲਕੇ ਵਿਚ ਨਰਮੇ ਦੀ ਬਿਜਾਈ 37 ਕੁ ਸੌ ਏਕੜ ਵਿਚ ਕੀਤੀ ਗਈ ਸੀ ਅਤੇ ਇਸ ਵਾਰ ਨਰਮੇ ਦੀ ਬਿਜਾਈ ਘਟ ਕੇ 32 ਕੁ ਸੌ ਏਕੜ ਦੇ ਲਗਪਗ ਰਹਿ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ 'ਤੇ ਮਾਰੂ ਕੀਟ ਗੁਲਾਬੀ ਸੁੰਡੀ ਕਾਰਨ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਨਰਮੇ ਦੀ ਫ਼ਸਲ ਹੁਣ ਘਾਟੇ ਵਾਲਾ ਸੌਦਾ ਰਹਿ ਗਈ ਹੈ | ਲਾਗਤ ਖ਼ਰਚਿਆਂ ਵਿਚ ਵੀ ਵਾਧਾ ਹੋ ਰਿਹਾ ਹੈ | ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਭੰਗਾਲ ਨੇ ਦੱਸਿਆ ਕਿ ਅੱਜ ਗਿੱਦੜਬਾਹਾ ਦੀ ਅਨਾਜ ਮੰਡੀ ਵਿਚ ਨਿੱਜੀ ਕੰਪਨੀਆਂ ਵਲੋਂ ਨਰਮੇ ਦੀ ਖ਼ਰੀਦ ਕੀਤੀ ਗਈ ਹੈ, ਜਿਸ ਵਿਚ ਸਭ ਤੋਂ ਵੱਧ 6700 ਰੁਪਏ ਨਰਮੇ ਦੀ ਬੋਲੀ 'ਤੇ ਨਰਮਾ ਵਿਕਿਆ ਹੈ | ਉਨ੍ਹਾਂ ਦੱਸਿਆ ਕਿ ਸੌ ਕੁ ਕੁਇੰਟਲ ਨਰਮੇ ਦੀ ਆਮਦ ਹੋਈ ਹੈ | ਇਸ ਮੌਕੇ 'ਆਪ' ਆਗੂ ਗੁਰਚੇਤ ਸਿੰਘ ਔਲਖ ਅਤੇ ਕਿਸਾਨ ਹਾਜ਼ਰ ਸਨ |