ਦੋਦਾ, 26 ਸਤੰਬਰ (ਰਵੀਪਾਲ)-ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਵਿਖੇ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ 'ਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸ਼ੁਰੂ ਕੀਤਾ ਗਿਆ | ਇਸ ਕੈਂਪ ਦੀ ਰਸਮੀ ਸ਼ੁਰੂਆਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਵਲੋਂ ਰਿਬਨ ਕੱਟ ਕੇ ਕੀਤੀ ਗਈ | ਇਸ ਮੌਕੇ ਹਰਜੀਤ ਸਿੰਘ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਐੱਨ.ਐੱਸ.ਐੱਸ. ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਰਬਪੱਖੀ ਵਿਕਾਸ ਲਈ ਅਜਿਹੇ ਸਮਾਗਮਾਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਪ੍ਰੋਗਰਾਮ ਅਫ਼ਸਰ ਬਲਕਰਨ ਸਿੰਘ ਬਰਾੜ ਲੈਕਚਰਾਰ ਨੇ ਇਸ ਕੈਂਪ ਸੰਬੰਧੀ ਦੱਸਿਆ ਕਿ ਕੈਂਪ ਵਿਚ 11ਵੀਂ ਤੇ 12ਵੀਂ ਜਮਾਤ ਦੇ ਦੋ ਯੂਨਿਟਾਂ 'ਚ ਕੁੱਲ 100 ਐੱਨ.ਐੱਸ.ਐੱਸ. ਵਲੰਟੀਅਰ ਭਾਗ ਲੈ ਰਹੇ ਹਨ, ਜਿਨਾਂ 'ਚ 50 ਲੜਕੀਆਂ ਅਤੇ 50 ਲੜਕੇ ਸ਼ਾਮਿਲ ਹਨ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਗੁਰਜੋਤ ਸਿੰਘ ਲੈਕਚਰਾਰ ਕੈਮਿਸਟਰੀ ਨੇ ਨਿਭਾਈ | ਇਸ ਮੌਕੇ ਸੁਖਦੀਪ ਸਿੰਘ ਮਾਨ ਪੰਜਾਬੀ ਲੈਕਚਰਾਰ, ਅਮਨਦੀਪ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਬੇਅੰਤ ਕੌਰ, ਸ਼ਰਨਜੋਤ ਕੌਰ, ਸੁਖਜਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |