ਕੋਟਕਪੂਰਾ, 28 ਸਤੰਬਰ (ਮੋਹਰ ਸਿੰਘ ਗਿੱਲ)-ਸਥਾਨਕ ਬੀੜ ਸਿੱਖਾਂ ਵਾਲਾ ਸੜਕ ਦੇ ਵਸਨੀਕ ਸੀਵਰੇਜ਼ ਪਾਉਣ ਦੇ ਮਨਸ਼ੇ ਨਾਲ ਪਿਛਲੇ ਕਰੀਬ ਸਾਢੇ ਚਾਰ ਸਾਲ ਪਹਿਲਾਂ ਪੁੱਟੀ ਗਈ ਸੜਕ ਦੀ ਮਾੜੀ ਹੋਈ ਹਾਲਤ ਦਾ ਸੰਤਾਪ ਭੋਗ ਰਹੇ ਹਨ ਅਤੇ ਸਥਾਨਕ ਪ੍ਰਸ਼ਾਸਨ ਤੇ ਆਗੂਆਂ ਨੂੰ ਕੋਸ ਰਹੇ ਹਨ | ਸ਼ਹਿਰੀ ਆਬਾਦੀ 'ਚ ਇਸ ਸੜਕ ਦੇ ਦੋਹੀਂ ਪਾਸੀਂ ਦੁਕਾਨਾਂ ਅਤੇ ਲੋਕਾਂ ਦੇ ਘਰ ਬਣੇ ਹਨ | ਸਾਰਾ ਦਿਨ ਉਡਦੇ ਮਿੱਟੀ-ਘੱਟੇ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਸ਼ਹਿਰ ਨਿਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਤ੍ਰੀਮਤਾਂ ਵਲੋਂ ਸੁਕਾਉਣ ਲਈ ਬਾਹਰ ਪਾਏ ਕੱਪੜੇ ਵੀ ਉਡਦੀ ਧੂੜ ਕਾਰਨ ਗ਼ੰਦੇ ਹੋ ਜਾਂਦੇ ਹਨ | ਇਹ ਸੰਪਰਕ ਸੜਕ ਅੱਗੇ ਜਾ ਕੇ ਬੀੜ ਸਿੱਖਾਂ ਵਾਲਾ, ਨੱਥੇ ਵਾਲਾ ਨਵਾਂ, ਨੱਥੇ ਵਾਲਾ ਪੁਰਾਣਾ, ਨੰਗਲ, ਚਮੇਲੀ, ਭਾਣਾ ਅਤੇ ਢੁੱਡੀ ਸਮੇਤ ਹੋਰਨਾਂ ਪਿੰਡਾਂ ਨੂੰ ਕੋਟਕਪੂਰਾ ਸ਼ਹਿਰ ਨਾਲ ਜੋੜਦੀ ਹੈ | ਕੋਟਕਪੂਰਾ ਮੁੱਖ ਵਪਾਰਕ ਮੰਡੀ ਅਤੇ ਵੱਡਾ ਸ਼ਹਿਰ ਹੋਣ ਕਾਰਨ ਲੋਕਾਂ ਦਾ ਆਉਣ-ਜਾਣ ਬਹੁਤ ਜ਼ਿਆਦਾ ਰਹਿੰਦਾ ਹੈ | ਆਵਾਜਾਈ ਲਈ ਇਹ ਮੁੱਖ ਰਸਤਾ ਹੋਣ ਕਾਰਨ ਸ਼ਹਿਰੀ ਆਬਾਦੀ ਅਤੇ ਪਿੰਡਾਂ ਦੇ ਲੋਕਾਂ ਲਈ ਇਹੀ ਮੁੱਖ ਸੜਕ ਹੈ | ਲੋਕ ਜੇਕਰ ਹੋਰਨਾਂ ਰਸਤਿਆਂ ਤੋਂ ਆਵਾਜਾਈ ਕਰਦੇ ਹਨ ਤਾਂ ਇਸ ਨਾਲ ਸਮਾਂ ਜ਼ਿਆਦਾ ਲੱਗਦਾ ਹੈ ਅਤੇ ਵਹੀਕਲਾਂ ਦਾ ਤੇਲ ਵੀ ਜ਼ਿਆਦਾ ਬਲ਼ਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਪਿੰਡਾਂ ਦੇ ਲੋਕ ਸੜਕ ਪੱਟੀ ਹੋਣ ਕਾਰਨ ਦੇਵੀ ਵਾਲਾ ਸੜਕ ਦੀ ਵਰਤੋਂ ਕਰ ਰਹੇ ਹਨ | ਪਿੰਡਾਂ ਅਤੇ ਸ਼ਹਿਰ ਦੇ ਕੁਝ ਜਾਗਰੂਕ ਵਿਅਕਤੀਆਂ ਨੇ ਪਿਛਲੇ ਸਮੇਂ 'ਚ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਧਿਆਨ 'ਚ ਵੀ ਇਹ ਮਸਲਾ ਕਈ ਵਾਰ ਧਿਆਨ 'ਚ ਲਿਆਂਦਾ ਹੈ, ਪਰ ਇਸ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਣ ਲੋਕਾਂ 'ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ | ਪਤਾ ਲੱਗਾ ਹੈ ਕਿ ਬੀਤੇ ਦਿਨੀਂ ਇਸ ਸੜਕ ਦੇ ਉਚੇ-ਨੀਵੇਂ ਰਾਹ ਨੂੰ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਹੁਣ ਧੂੜ ਬਹੁਤ ਜ਼ਿਆਦਾ ਉਡਣ ਲੱਗ ਪਈ ਹੈ ਅਤੇ ਕੁਝ ਵੀ ਵਿਖਾਈ ਨਹੀਂ ਦਿੰਦਾ | ਸੀਨੀਅਰ ਕਾਂਗਰਸੀ ਆਗੂ ਬੋਹੜ ਸਿੰਘ ਘਾਰੂ ਪਿੰਡ ਬੀੜ ਸਿੱਖਾਂ ਵਾਲਾ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਦੀ ਤਿੱਖੀ ਸੁਰ 'ਚ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦਾ ਲੋਕ ਸਮੱਸਿਆਵਾਂ ਵੱਲ ਧਿਆਨ ਨਹੀਂ ਹੈ | ਉਕਤ ਪਿੰਡਾਂ ਦੇ ਲੋਕ ਪੁੱਟੀ ਹੋਈ ਸੜਕ ਕਾਰਨ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਦੁਖੀ ਹਨ | ਉਨ੍ਹਾਂ ਦੱਸਿਆ ਕਿ 'ਆਪ' ਸਰਕਾਰ ਦਾ ਕਾਰਜਕਾਲ ਸਾਢੇ ਤਿੰਨ ਸਾਲ ਬੀਤ ਚੁੱਕਾ ਹੈ, ਜਦ ਕਿ ਇਕ ਸਾਲ ਪਹਿਲਾਂ ਸੀਵਰੇਜ਼ ਪਾਉਣ ਦੇ ਲਈ ਉਕਤ ਸੜਕ ਨੂੰ ਪੁੱਟ ਦਿੱਤਾ ਗਿਆ ਸੀ | ਸਮਾਜ ਸੇਵੀ ਜਸਵਿੰਦਰ ਸਿੰਘ ਮਾਨ, ਰਾਣਾ ਮੌੜ, ਬੀੜ ਸਿੱਖਾਂ ਵਾਲਾ ਦੇ ਵਸਨੀਕ ਸਾਬਕਾ ਸਰਪੰਚ ਗੁਰਮੀਤ ਸਿੰਘ ਬਰਾੜ, ਰਘਬੀਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਨੱਥੇ ਵਾਲਾ ਦੇ ਸਰਪੰਚ ਡਿਪਟੀ ਸਿੰਘ ਬਰਾੜ ਸਮੇਤ ਇਲਾਕੇ ਭਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਨਤਕ ਆਵਾਜਾਈ ਸਹੂਲਤ ਦੇ ਮੱਦੇਨਜ਼ਰ ਉਕਤ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ |